ਨਵੀਂ ਦਿੱਲੀ, 12 ਸਤੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਅਫ਼ਗਾਨ ਸ਼ਾਂਤੀ ਪ੍ਰਕਿਰਿਆ ਤਹਿਤ ਅਫ਼ਗਾਨਿਸਤਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ। ਦੋਹਾ ’ਚ ਅਫ਼ਗਾਨ ਸ਼ਾਂਤੀ ਵਾਰਤਾ ਨੂੰ ਆਨਲਾਈਨ ਸੰਬੋਧਨ ਕਰਦਿਆਂ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਸ਼ਾਂਤੀ ਪ੍ਰਕਿਰਿਆ ਦੌਰਾਨ ਮਨੁੱਖੀ ਹੱਕਾਂ ਅਤੇ ਲੋਕਤੰਤਰ ਨੂੰ ਊਤਸ਼ਾਹਿਤ ਕਰਨ ਦੇ ਨਾਲ ਨਾਲ ਘੱਟ ਗਿਣਤੀਆਂ, ਮਹਿਲਾਵਾਂ ਅਤੇ ਹਾਸ਼ੀਏ ’ਤੇ ਧੱਕੇ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ ਹੈ। ਊਨ੍ਹਾਂ ਕਿਹਾ ਕਿ ਮੁਲਕ ’ਚੋਂ ਹਿੰਸਾ ਦੇ ਦੌਰ ਦਾ ਵੀ ਢੁੱਕਵੇਂ ਢੰਗ ਨਾਲ ਹੱਲ ਕੱਢਿਆ ਜਾਣਾ ਚਾਹੀਦਾ ਹੈ।