ਨਵੀਂ ਦਿੱਲੀ, 26 ਅਗਸਤ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਚੀਨ ਨਾਲ ਜਾਰੀ ਸਰਹੱਦੀ ਵਿਵਾਦ ਨੂੰ ਦੋਵਾਂ ਮੁਲਕਾਂ ਦਰਮਿਆਨ ਹੋਏ ਸਮਝੌਤਿਆਂ ਤੇ ਆਪਸੀ ਸਮਝ ਦੇ ਸਤਿਕਾਰ ਅਤੇ ਟਕਰਾਅ ਵਾਲੇੇ ਖੇਤਰਾਂ ਵਿੱਚ ‘ਪਹਿਲਾਂ ਵਾਲੀ ਸਥਿਤੀ ਬਹਾਲ’ ਕੀਤੇ ਜਾਣ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ। ਵਿਦੇਸ਼ ਮੰਤਰੀ ਨੇ ਇਸ ਬਿਆਨ ਨਾਲ ਇਸ ਮੁੱਦੇ ’ਤੇ ਭਾਰਤ ਦੀ ਸਥਿਤੀ ਇਕ ਵਾਰ ਮੁੜ ਸਪਸ਼ਟ ਕਰ ਦਿੱਤੀ ਹੈ। ਸ੍ਰੀ ਜੈਸ਼ੰਕਰ ਨੇ 1962 ਦੇ ਵਿਵਾਦ ਮਗਰੋਂ ਲੱਦਾਖ ਵਿੱਚ ਮੌਜੂਦਾ ਸਥਿਤੀ ਨੂੰ ‘ਸਭ ਤੋਂ ਗੰਭੀਰ’ ਦੱਸਦਿਆਂ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਅਸਲ ਕੰਟਰੋਲ ਰੇਖਾ ਦੇ ਦੋਵੇਂ ਪਾਸੇ ਫ਼ੌਜਾਂ ਦੀ ਕੀਤੀ ਗਈ ਤਾਇਨਾਤੀ ‘ਬੇਮਿਸਾਲ’ ਹੈ। ਸ੍ਰੀ ਜੈਸ਼ੰਕਰ ਨੇ ਇਹ ਦਾਅਵਾ ਆਪਣੀ ਕਿਤਾਬ ‘ਦਿ ਇੰਡੀਆ ਵੇਅ: ਸਟਰੈਟਜੀਜ਼ ਫਾਰ ਅਨਸਰਟੇਨ ਵਰਲਡ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਰੈਡਿਫ.ਕਾਮ ਨੂੰ ਦਿੱਤੀ ਇੱਕ ਇੰਟਰਵਿਊ ’ਚ ਕੀਤਾ ਹੈ। ਉਨ੍ਹਾਂ ਕਿਹਾ, ‘ਅਸੀਂ ਚੀਨ ਨਾਲ ਫ਼ੌਜੀ ਅਤੇ ਕੂੁਟਨੀਤਕ ਦੋਵਾਂ ਪੱਧਰਾਂ ’ਤੇ ਗੱਲਬਾਤ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਜਦੋਂ ਵੀ ਗੱਲਬਾਤ ਸਿੱਟੇੇ ’ਤੇ ਪੁੱਜੇ ਤਾਂ ਹੱਲ ਆਪਸੀ ਸਮਝ ਅਤੇ ਸਮਝੌਤਿਆਂ ਦੇ ਸਨਮਾਨ ਮੁਤਾਬਕ ਹੋਣਾ ਚਾਹੀਦਾ ਹੈ। -ਪੀਟੀਆਈ