* ਦਰਜਨ ਦੇ ਕਰੀਬ ਵਾਰਦਾਤਾਂ ਵਿੱਚ ਸ਼ਾਮਲ ਸੀ ਮੁਲਜ਼ਮ
ਨਵੀਂ ਦਿੱਲੀ, 17 ਮਈ
ਪੱਛਮੀ ਦਿੱਲੀ ਦੇ ਇੱਕ ਕਾਰ ਸ਼ੋਅਰੂਮ ’ਤੇ ਗੋਲੀਆਂ ਚਲਾਉਣ ਦੀ ਘਟਨਾ ਵਿੱਚ ਕਥਿਤ ਤੌਰ ’ਤੇ ਸ਼ਾਮਲ ਇੱਕ ਸ਼ੂਟਰ ਦਿੱਲੀ ਪੁਲੀਸ ਦੀ ਵਿਸ਼ੇਸ਼ ਯੂਨਿਟ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ। ਇਹ ਮੁਕਾਬਲਾ ਸ਼ਾਹਬਾਦ ਡੇਅਰੀ ਇਲਾਕੇ ਨੇੜੇ ਹੋਇਆ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਸਾਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਹਿਮਾਂਸ਼ੂ ਭਾਊ ਦਾ ਸ਼ਾਰਪਸ਼ੂਟਰ ਅਜੈ ਉਰਫ਼ ਗੋਲੀ ਬਾਹਰੀ ਦਿੱਲੀ ਦੇ ਪਿੰਡ ਖੇੜਾ ਖੁਰਦ ਵਿੱਚ ਆਉਣ ਵਾਲਾ ਹੈ। ਇਸ ਮਗਰੋਂ ਇੱਕ ਟੀਮ ਬਣਾਈ ਗਈ ਅਤੇ ਜਾਲ ਵਿਛਾਇਆ ਗਿਆ।’’
ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11.30 ਵਜੇ ਟੀਮ ਨੇ ਅਜੈ ਨੂੰ ਹੌਂਡਾ ਸਿਟੀ ਕਾਰ ’ਚ ਰੋਕਿਆ। ਅਧਿਕਾਰੀ ਨੇ ਕਿਹਾ, ‘‘ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਮੁਲਜ਼ਮ ਪੁਲੀਸ ਟੀਮ ’ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਲੱਗਾ।’’ ਅਧਿਕਾਰੀ ਨੇ ਕਿਹਾ ਕਿ ਜਵਾਬੀ ਕਾਰਵਾਈ ਵਿੱਚ ਉਸ ਦੇ ਗੋਲੀ ਲੱਗੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪੁਲੀਸ ਅਨੁਸਾਰ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਅਜੈ ਦਿੱਲੀ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਦਰਜ ਕੇਸਾਂ ਸਮੇਤ ਇੱਕ ਦਰਜਨ ਵਾਰਦਾਤਾਂ ਵਿੱਚ ਸ਼ਾਮਲ ਸੀ। ਪੁਲੀਸ ਅਨੁਸਾਰ ਉਹ 10 ਮਾਰਚ ਨੂੰ ਸੋਨੀਪਤ ਦੇ ਮੂਰਥਲ ਵਿੱਚ ਇੱਕ ਵਪਾਰੀ ਦੇ ਕਤਲ ਦੀ ਘਟਨਾ ਵਿੱਚ ਵੀ ਸ਼ਾਮਲ ਸੀ।
ਅਧਿਕਾਰੀ ਨੇ ਕਿਹਾ, ‘‘ਉਸ ਨੇ ਮੂਰਥਲ ਵਿੱਚ ਇੱਕ ਵਪਾਰੀ ਦਾ ਪਿੱਛਾ ਕੀਤਾ ਅਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।’’ ਪੁਲੀਸ ਮੁਤਾਬਕ 6 ਮਈ ਨੂੰ ਅਜੈ ਨੇ 27 ਸਾਲਾ ਮੋਹਿਤ ਨਾਲ ਮਿਲ ਕੇ ਤਿਲਕ ਨਗਰ ਇਲਾਕੇ ’ਚ ਇਕ ਲਗਜ਼ਰੀ ਕਾਰ ਦੇ ਸ਼ੋਅਰੂਮ ’ਤੇ ਗੋਲੀਆਂ ਚਲਾਈਆਂ ਸਨ। ਗੋਲੀਆਂ ਸ਼ੀਸ਼ੇ ਦੇ ਦਰਵਾਜ਼ਿਆਂ ਅਤੇ ਖਿੜਕੀਆਂ ’ਤੇ ਲੱਗੀਆਂ ਜਿਸ ਕਾਰਨ ਸੱਤ ਵਿਅਕਤੀ ਜ਼ਖਮੀ ਹੋ ਗਏ ਸਨ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹਮਲਾਵਰ ਮੌਕੇ ’ਤੇ ਇਕ ਹੱਥ ਲਿਖਤ ਨੋਟ ਛੱਡ ਗਏ ਸਨ ਜਿਸ ਵਿਚ ਤਿੰਨ ਗੈਂਗਸਟਰਾਂ ਭਾਊ, ਨੀਰਜ ਫਰੀਦਕੋਟ ਅਤੇ ਨਵੀਨ ਬਾਲੀ ਦੇ ਨਾਂ ਲਿਖੇ ਹੋਏ ਸਨ।
ਪੁਲੀਸ ਨੇ ਦੱਸਿਆ ਸੀ ਕਿ ਸ਼ੋਅਰੂਮ ਦੇ ਮਾਲਕ ਨੂੰ ਇੱਕ ਕੌਮਾਂਤਰੀ ਨੰਬਰ ਤੋਂ ਕਾਲ ਆਈ ਸੀ ਅਤੇ ਕਾਲ ਕਰਨ ਵਾਲੇ ਨੇ ਉਸ ਤੋਂ ਫਿਰੌਤੀ ਵਜੋਂ 5 ਕਰੋੜ ਰੁਪਏ ਦੀ ਮੰਗ ਕੀਤੀ ਸੀ। ਪੁਲੀਸ ਮੁਤਾਬਕ ਮੋਹਿਤ ਨੂੰ ਬਾਅਦ ’ਚ ਕੋਲਕਾਤਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। -ਪੀਟੀਆਈ
ਸਪੈਸ਼ਲ ਸੈੱਲ ਵੱਲੋਂ ਗੈਂਗਸਟਰ ਗ੍ਰਿਫ਼ਤਾਰ
ਸਪੈਸ਼ਲ ਸੈੱਲ ਨੇ ਨਵੀਨ ਬਾਲੀ ਅਤੇ ਹਿਮਾਂਸ਼ੂ ਭਾਊ ਦੇ ਸਰਗਰਮ ਮੈਂਬਰ 27 ਸਾਲਾ ਅਭਿਸ਼ੇਕ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਕਿਹਾ ਕਿ ਉਹ 6 ਮਈ ਨੂੰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਵੀ ਕਥਿਤ ਤੌਰ ’ਤੇ ਸ਼ਾਮਲ ਸੀ। ਪੁਲੀਸ ਨੇ ਦੱਸਿਆ ਕਿ ਅਭਿਸ਼ੇਕ ਪਹਿਲਾਂ ਦਿੱਲੀ ਅਤੇ ਹਰਿਆਣਾ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਧਮਕੀ ਅਤੇ ਅਸਲਾ ਐਕਟ ਦੇ ਚਾਰ ਮਾਮਲਿਆਂ ਵਿੱਚ ਸ਼ਾਮਲ ਸੀ। ਪੁਲੀਸ ਅਨੁਸਾਰ ਜਦੋਂ ਅਭਿਸ਼ੇਕ ਨੇ ਪੁਲੀਸ ਪਾਰਟੀ ਨੂੰ ਦੇਖਿਆ ਤਾਂ ਉਸ ਨੇ ਆਪਣੀ ਪਿਸਤੌਲ ਕੱਢ ਕੇ ਟੀਮ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਹਥਿਆਰ ਖੋਹ ਲਿਆ। ਅਭਿਸ਼ੇਕ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕੁਝ ਮੁਲਜ਼ਮਾਂ ਦੇ ਸੰਪਰਕ ਵਿੱਚ ਆਇਆ ਸੀ ਅਤੇ 6 ਮਈ ਦੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੁਲਜ਼ਮਾਂ ਨੂੰ ਪਨਾਹ ਦਿੱਤੀ ਸੀ।