ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸੈਨਿਕ ਸਕੂਲਾਂ ਦੀ ਦਾਖ਼ਲਾ ਨੀਤੀ ’ਚ ਬਦਲਾਅ ਲਿਆਉਂਦਿਆਂ ਰੱਖਿਆ ਮੰਤਰਾਲੇ ਨੇ ਇਨ੍ਹਾਂ ਸੰਸਥਾਵਾਂ ਵਿੱਚ ਲੜਕੀਆਂ ਲਈ ਸੀਟਾਂ ਰਾਖਵੀਆਂ ਕਰ ਦਿੱਤੀਆਂ ਹਨ ਜਦਕਿ ਹੋਰ ਪੱਛੜੀਆਂ ਜਾਤਾਂ ਲਈ ਵੀ ਰਾਖਵਾਂਕਰਨ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮਹੀਨੇ ਰੱਖਿਆ ਮੰਤਰਾਲੇ ਵੱਲੋਂ ਸਾਰੇ ਸੈਨਿਕ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਜਾਰੀ ਕੀਤੇ ਸਰਕੁਲਰਾਂ ਮੁਤਾਬਕ ‘ਲੜਕੀਆਂ ਲਈ ਪ੍ਰਤੀ ਕੈਟਾਗਿਰੀ ਇੱਕ ਸੀਟ ਰਾਖਵੀਂ ਯਕੀਨੀ ਬਣਾਈ ਜਾਵੇਗੀ। ਛੇਵੀਂ ਜਮਾਤ ਦੀ ਕੁੱਲ ਗਿਣਤੀ ਦਾ ਦਸ ਫ਼ੀਸਦੀ ਜਾਂ ਦਸ ਸੀਟਾਂ, ਜੋ ਵੀ ਵੱਧ ਹੋਵੇ, ਕਿਸੇ ਵੀ ਸਕੂਲ ਵਿੱਚ ਲੜਕੀਆਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ।