ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਜਨਵਰੀ
ਕੇਂਦਰ ਸਰਕਾਰ ਵੱਲੋਂ ਕਥਿਤ ਕਾਹਲੀ ਵਿੱਚ ਪਾਸ ਕੀਤੇ ਗਏ ਤਿੰਨਾਂ ਖੇਤੀ ਕਾਨੂੰਨਾਂ ਦੀ ਸੌਖੇ ਤਰੀਕੇ ਨਾਲ ਪੜਚੋਲ ਕਰਦਾ ਪੰਜਾਬੀ ਵਿੱਚ ਛਪਿਆ ਕਿਤਾਬਚਾ ਦਿੱਲੀ ਦੇ ਸਿੰਘੂ ਹੱਦ ’ਤੇ ਰਿਲੀਜ਼ ਕੀਤਾ ਗਿਆ। ਅਠਾਈ ਸਫ਼ਿਆਂ ਦਾ ਇਹ ਕਿਤਾਬਚਾ ਪਟਿਆਲਾ ਦੇ ਵਕੀਲ ਜੋਗਿੰਦਰ ਸਿੰਘ ਜਿੰਦੂ ਵੱਲੋਂ ਲਿਖਿਆ ਗਿਆ ਹੈ। ‘ਮਨੁੱੱਖ ਦਾ ਰੋਟੀ ਨਾਲੋਂ ਰਿਸ਼ਤਾ ਤੋੜਨ ਵਾਲੇ ਤਿੰਨਾਂ ਖੇਤੀ ਕਾਨੂੰਨਾਂ ਦੀ ਵਿਆਖਿਆ, ਲੇਖਾ ਜੋਖਾ ਤੇ ਪੜਚੋਲ’ ਨਾਂਅ ਦੇ ਇਸ ਕਿਤਾਬਚੇ ਵਿੱਚ ਉਨ੍ਹਾਂ ਦੇਸ਼ ਦੀ ਕਿਸਾਨੀ ਦੀ ਪਿੱਠ-ਭੂਮੀ, ਰਾਸ਼ਟਰਪਤੀ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਨ ਅਤੇ ਇਨ੍ਹਾਂ ਕਾਨੂੰਨਾਂ ਦੇ ਵੱਖ-ਵੱਖ ਨੁਕਤਿਆਂ ਉਪਰ ਰੌਸ਼ਨੀ ਪਾਈ ਹੈ। ਸ੍ਰੀ ਜਿੰਦੂ ਨੇ ਖੇਤੀ ਖੇਤਰ ਵਿੱਚ ਕਾਰਪੋਰੇਟ ਘਰਾਣਿਆਂ ਦੇ ਦਖ਼ਲ ਦੇ ਭਿਆਨਕ ਸਿੱਟਿਆਂ ਦਾ ਵੀ ਖਾਸ ਜ਼ਿਕਰ ਕੀਤਾ ਹੈ। ਖ਼ੁਦ ਕਿਸਾਨ ਹੋਣ ਕਰਕੇ ਉਨ੍ਹਾਂ ਵਿਸ਼ੇ ਨੂੰ ਗੰਭਰੀਤਾ ਨਾਲ ਲਿਆ ਤੇ ਸਰਕਾਰੀ ਨੀਤੀ ’ਤੇ ਕਰਾਰੀ ਚੋਟ ਕੀਤੀ ਹੈ। ਵਕੀਲ ਜਿੰਦੂ ਨੇ ਕਿਹਾ, ‘ਜੇਕਰ ਉਨ੍ਹਾਂ ਦੇ ਪਿਤਾ ਕੋਲ ਖੇਤ ਨਾ ਹੁੰਦੇ ਤਾਂ ਉਹ ਸ਼ਾਇਦ ਵਕਾਲਤ ਨਾ ਕਰ ਸਕਦੇ। ਹੁਣ ਕਾਰਪੋਰੇਟ ਨੇ ਖੇਤੀ ਉੱਪਰ ਸਭ ਤੋਂ ਵੱਡਾ ’ਤੇ ਭਿਆਨਕ ਹੱਲਾ ਬੋਲਿਆ, ਜਿਸ ਕਰਕੇ ਇਤਿਹਾਸਕ ਘੋਲ ਵਿੱਢਿਆ ਗਿਆ ਅਤੇ ਖੇਤਾਂ ਦਾ ਕਰਜ਼ਾ ਲਾਹੁਣ ਲਈ ਸਿੰਘੂ ਹੱਦ ਨੂੰ ਕਰਮਭੂਮੀ ਵਜੋਂ ਚੁਣਿਆ।’ ਸ੍ਰੀ ਜਿੰਦੂ ਇੱਥੇ ਸਰਬੱਤ ਦਾ ਭਲਾ ਟਰਸੱਟ ਦਾ ਚਾਰਜ ਵੀ ਦੇਖ ਰਹੇ ਹਨ। ਉਨ੍ਹਾਂ ਨਾਲ ਨਵਤੇਜ ਤੇ ਮਨਜੀਤ ਕੌਰ ਸਹਾਇਤਾ ਕਰ ਰਹੇ ਹਨ।