ਬੰਗਲੂਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਫ਼ੈਸਲੇ ਤੇ ਸੁਧਾਰ ਆਰਜ਼ੀ ਤੌਰ ’ਤੇ ਬੁਰੇ ਲੱਗ ਸਕਦੇ ਹਨ ਪਰ ਸਮੇਂ ਦੇ ਨਾਲ ਦੇਸ਼ ਨੂੰ ਇਨ੍ਹਾਂ ਦੇ ਫਾਇਦੇ ਮਹਿਸੂਸ ਹੋਣਗੇ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦਾ ਭਾਰਤ ਧਨ, ਨੌਕਰੀ ਦੇਣ ਵਾਲਿਆਂ ਤੇ ਨਵੇਂ ਵਿਚਾਰਾਂ ਵਾਲਿਆਂ ਦਾ ਹੈ ਜੋ ਦੇਸ਼ ਦੀ ਅਸਲੀ ਤਾਕਤ ਹਨ। ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ‘ਅਗਨੀਪਥ’ ਖ਼ਿਲਾਫ਼ ਵਿਆਪਕ ਰੋਸ ਮੁਜ਼ਾਹਰਿਆਂ ਦਰਮਿਆਨ ਆਈ ਹੈ। ਉਨ੍ਹਾਂ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਕਿਹਾ ਕਿ, ‘ਸੁਧਾਰਾਂ ਦਾ ਮਾਰਗ ਹੀ ਸਾਨੂੰ ਨਵੇਂ ਟੀਚਿਆਂ ਤੇ ਨਵੇਂ ਸੰਕਲਪਾਂ ਵੱਲ ਲੈ ਕੇ ਜਾ ਸਕਦਾ ਹੈ…ਅਸੀਂ ਪੁਲਾੜ ਤੇ ਰੱਖਿਆ ਖੇਤਰ ਨੂੰ ਖੋਲ੍ਹ ਦਿੱਤਾ ਹੈ ਜੋ ਦਹਾਕਿਆਂ ਤੱਕ ਸਰਕਾਰੀ ਕੰਟਰੋਲ ਵਿਚ ਸਨ।’ ਮੋਦੀ ਨੇ ਹਾਲਾਂਕਿ ਇਹ ਟਿੱਪਣੀਆਂ ਕਰਦਿਆਂ ਸਿੱਧੇ ਤੌਰ ਉਤੇ ਅਗਨੀਪਥ ਸਕੀਮ ਦਾ ਕੋਈ ਜ਼ਿਕਰ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਐਤਵਾਰ ਵੀ ਇਸ ਸਕੀਮ ਖ਼ਿਲਾਫ਼ ਹੋ ਰਹੇ ਹਿੰਸਕ ਮੁਜ਼ਾਹਰਿਆਂ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਸੀ ਕਿ, ‘ਇਹ ਸਾਡੇ ਦੇਸ਼ ਦੀ ਮਾੜੀ ਕਿਸਮਤ ਹੈ ਕਿ ਕਈ ਚੰਗੀਆਂ ਚੀਜ਼ਾਂ ਜੋ ਚੰਗੇ ਇਰਾਦਿਆਂ ਨਾਲ ਲਿਆਂਦੀਆਂ ਜਾਂਦੀਆਂ ਹਨ, ਸਿਆਸੀ ਰੰਗਾਂ ਵਿਚ ਰੰਗੀਆਂ ਜਾਂਦੀਆਂ ਹਨ। ਮੀਡੀਆ ਨੂੰ ਵੀ ਟੀਆਰਪੀ ਦੀ ਦੌੜ ਵਿਚ ਇਹ ਇਸ ਸਭ ਵਿਚ ਕੁੱਦਣਾ ਪੈਂਦਾ ਹੈ। -ਪੀਟੀਆਈ