ਨਵੀਂ ਦਿੱਲੀ, 19 ਜੁਲਾਈ
ਖ਼ਾਲਿਸਤਾਨ ਪੱਖੀ ਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਸਿੱਖਾਂ ਲਈ ਵੱਖਰੇ ਖ਼ਾਲਿਸਤਾਨ ਦੀ ਮੰਗ ਨੂੰ ਪੂਰਾ ਕਰਨ ਲਈ ‘ਰਾਇਸ਼ੁਮਾਰੀ 2020’ ਤਹਿਤ ਵੋਟਿੰਗ ਰਜਿਸਟਰੇਸ਼ਨ ਲਈ ਹੁਣ ਦਿੱਲੀ ’ਚ ਕੈਨੇਡੀਅਨ ਪੋਰਟਲ ਲਾਂਚ ਕੀਤਾ ਹੈ। ਐੱਸਐੱਫਜੇ ਦੇ ਦੇਸ਼ ਵਿਰੋਧੀ ਏਜੰਡੇ ਕਰਕੇ ਭਾਰਤ ਨੇ ਪਿਛਲੇ ਦਿਨੀਂ ਜਥੇਬੰਦੀ ਵੱਲੋਂ ਵਰਤੇ ਜਾਂਦੇ ਰੂਸੀ ਪੋਰਟਲ ਨੂੰ ਬਲਾਕ ਕਰ ਦਿੱਤਾ ਸੀ। ਸੁਰੱਖਿਆ ਏਜੰਸੀਆਂ ਨੇ ਵੱਡਾ ਸੁਰੱਖਿਆ ਅਲਰਟ ਜਾਰੀ ਕਰਦਿਆਂ ਕਿਹਾ ਕਿ ਐੱਸਐੈੱਫਜੇ ਨੇ ਐਤਕੀਂ ‘ਰਾਇਸ਼ੁਮਾਰੀ 2020’ ਦੇ ਸਬੰਧ ਵਿੱਚ ਵੋਟਰ ਰਜਿਸਟਰੇਸ਼ਨ ਲਈ ਕੌਮੀ ਰਾਜਧਾਨੀ ਦਿੱਲੀ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਪਹਿਲਾਂ ਜਥੇਬੰਦੀ ਆਪਣੇ ਗੈਰਕਾਨੂੰਨੀ ਏਜੰਡੇ ਲਈ ਪੰਜਾਬ ਨੂੰ ਨਿਸ਼ਾਨਾ ਬਣਾਉਂਦੀ ਰਹੀ ਹੈ। ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ ਜੁਲਾਈ ਵਿੱਚ ‘ਰਾਇਸ਼ੁਮਾਰੀ 2020’ ਦੀ ਪੈਰਵੀ ਕਰਨ ਵਾਲੀ ਐੱਸਐੱਫਜੇ ’ਤੇ ਪਾਬੰਦੀ ਲਾ ਦਿੱਤੀ ਸੀ।
ਭਾਰਤ ਨੇ 4 ਜੁਲਾਈ ਨੂੰ ਰੂਸੀ ਵੈੱਬਸਾਈਟ www.punjabfree.ru ਨੂੰ ਬਲਾਕ ਕਰ ਦਿੱਤਾ ਸੀ। ਇੰਟੈਲੀਜੈਂਸ ਵਿੰਗ ਵਿਚਲੇ ਸੂਤਰਾਂ ਨੇ ਸੂਚਨਾ ਦੇ ਹਵਾਲੇ ਨਾਲ ਕਿਹਾ ਕਿ ਐੱਸਐੱਫਜੇ ਨੇ ‘ਰਾਇਸ਼ੁਮਾਰੀ 2020’ ਵੋਟਿੰਗ ਰਜਿਸਟਰੇਸ਼ਨ ਲਈ ਦਿੱਲੀ ਵਿੱਚ ‘ਡੈਲੀਬਣੇਗਾਖ਼ਾਲਿਸਤਾਨ.ਸੀਏ’ ਨਾਂ ਦਾ ਕੈਨੇਡਿਆਈ ਪੋਰਟਲ ਸ਼ੁਰੂ ਕੀਤਾ ਹੈ। ਸੁਰੱਖਿਆ ਏਜੰਸੀਆਂ ਨੇ ਇਕ ਮਹੀਨੇ ਅੰਦਰ ਐੱਸਐੱਫਜੇ ਦੀ ਇਸ ਦੂਜੀ ਕੋਸ਼ਿਸ਼ ਮਗਰੋਂ ਸਬੰਧਤ ਵਿਭਾਗਾਂ ਨੂੰ ਚੌਕਸ ਕਰ ਦਿੱਤਾ ਹੈ। ਅੰਦਰੂਨੀ ਸੁਰੱਖਿਆ ਨਾਲ ਜੁੜੇ ਮਾਹਿਰਾਂ ਨੇ ਕਿਹਾ ਕਿ ਨਵੰਬਰ 1984 ਸਿੱਖ ਵਿਰੋਧੀ ਦੰਗਿਆਂ ਦਾ ਕੇਂਦਰ ਦਿੱਲੀ ਸੀ, ਜਿਸ ਕਰਕੇ ਐੱਸਐੱਫਜੇ ਨੇ ਵੋਟਰ ਰਜਿਸਟਰੇਸ਼ਨ ਏਜੰਡੇ ਨੂੰ ਪੂਰਾ ਕਰਨ ਲਈ ਕੌਮੀ ਰਾਜਧਾਨੀ ਦੀ ਚੋਣ ਕੀਤੀ ਹੈ। ਕੈਨੇਡੀਅਨ ਪੋਰਟਲ ਦੇ ਹੋਮ ਪੇਜ ਦੇ ਸਿਖਰ ’ਤੇ ਕੈਨੇਡੀਅਨ ਝੰਡਾ ਦਰਸਾਇਆ ਗਿਆ ਹੈ। ਪੋਰਟਲ ’ਤੇ ਉਪਲੱਬਧ ਸੂਚਨਾ ਤੇ ਵੋਟਰ ਰਜਿਸਟਰੇਸ਼ਨ ਫਾਰਮ ਪੰਜਾਬੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ’ਚ ਹੈ। ਸੂਤਰਾਂ ਮੁਤਾਬਕ ਇਸ ਨਵੇਂ ਪੋਰਟਲ ਨੂੰ ਸ਼ੁਰੂ ਕਰਨ ਵਿੱਚ ‘ਰਾਇਸ਼ੁਮਾਰੀ 2020’ ਦੇ ਕੈਨੇਡਾ ਵਿਚਲੇ ਕੋਆਰਡੀਨੇਟਰ ਹਰਦੀਪ ਸਿੰਘ ਨਿੱਝਰ ਦੀ ਅਹਿਮ ਭੂਮਿਕਾ ਹੈ। ਕੇਂਦਰ ਸਰਕਾਰ ਨੇ ਪਹਿਲੀ ਜੁਲਾਈ ਨੂੰ ਗੁਰਪਤਵੰਤ ਸਿੰਘ ਪੰਨੂ ਤੇ ਨਿੱਝਰ ਨੂੰ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਦਹਿਸ਼ਤਗਰਦ ਐਲਾਨ ਦਿੱਤਾ ਸੀ। ਸਾਲ 2016 ਵਿੱਚ ਕੈਨੇਡਾ ਨੇ ਨਿੱਝਰ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਹਵਾਲੇ ਕੀਤੇ ਜਾਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ। -ਆਈਏਐੱਨਐੱਸ