ਨਵੀਂ ਦਿੱਲੀ, 4 ਅਗਸਤ
ਮੁੱਖ ਅੰਸ਼
- ਚੀਫ਼ ਜਸਟਿਸ ਰਾਮੰਨਾ ਨੇ ਨਾਂ ਦੇ ਸਿਫਾਰਸ਼ ਵਾਲੀ ਚਿੱਠੀ ਸਰਕਾਰ ਨੂੰ ਭੇਜੀ
- ਦੇਸ਼ ਦਾ ਨਵਾਂ ਚੀਫ਼ ਜਸਟਿਸ ਲਾਉਣ ਦਾ ਅਮਲ ਸ਼ੁਰੂ
ਭਾਰਤ ਦੇ ਚੀਫ਼ ਜਸਟਿਸ ਐੱਨ.ਵੀ.ਰਾਮੰਨਾ, ਜੋ ਇਸੇ ਮਹੀਨੇ ਸੇਵਾ ਮੁਕਤ ਹੋ ਰਹੇ ਹਨ, ਨੇ ਰਵਾਇਤ ਮੁਤਾਬਕ ਆਪਣੇ ਤੋਂ ਬਾਅਦ ਸਭ ਤੋਂ ਸੀਨੀਅਰ ਜੱਜ ਜਸਟਿਸ ਉਦੈ ਉਮੇਸ਼ ਲਲਿਤ ਦੇ ਨਾਮ ਦੀ ਸਿਫਾਰਸ਼ ਕਰਕੇ ਆਪਣਾ ਜਾਨਸ਼ੀਨ ਲਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਸੀਜੇਆਈ ਨੇ ਨਾਂ ਦੇ ਸਿਫ਼ਾਰਸ਼ ਵਾਲੇ ਪੱਤਰ ਦੀ ਕਾਪੀ ਅੱਜ ਜਸਟਿਸ ਲਲਿਤ ਨੂੰ ਨਿੱਜੀ ਤੌਰ ’ਤੇ ਸੌਂਪੀ।
ਭਾਰਤ ਦੇ 48ਵੇਂ ਚੀਫ਼ ਜਸਟਿਸ, ਜਸਟਿਸ ਰਾਮੰਨਾ ਨੇ ਭਾਰਤੀ ਨਿਆਂਪਾਲਿਕਾ ਦੇ ਮੁਖੀ ਦੀ ਕਮਾਨ ਪਿਛਲੇ ਸਾਲ 24 ਅਪਰੈਲ ਨੂੰ ਜਸਟਿਸ ਐੱਸ.ਏ.ਬੋਬੜੇ ਤੋਂ ਆਪਣੇ ਹੱਥਾਂ ਵਿੱਚ ਲਈ ਸੀ। ਸੀਜੇਆਈ ਰਾਮੰਨਾ 16 ਮਹੀਨਿਆਂ ਤੋਂ ਵੱਧ ਦੇ ਕਾਰਜਕਾਲ ਮਗਰੋਂ 26 ਅਗਸਤ ਨੂੰ ਸੇਵਾਮੁਕਤ ਹੋਣਗੇ। ਸੁਪਰੀਮ ਕੋਰਟ ਦੇ ਕਿਸੇ ਜੱਜ ਦੀ ਸੇਵਾਮੁਕਤੀ ਉਮਰ 65 ਸਾਲ ਹੈ। ਸੀਜੇਆਈ ਸਕੱਤਰੇਤ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ‘‘ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਸ੍ਰੀ ਜਸਟਿਸ ਐੱਨ.ਵੀ.ਰਾਮੰਨਾ ਨੇ ਅੱਜ ਮਾਣਯੋਗ ਕਾਨੂੰਨ ਤੇ ਨਿਆਂ ਮੰਤਰੀ ਨੂੰ ਆਪਣੇ ਜਾਨਸ਼ੀਨ ਵਜੋਂ ਮਾਣਯੋਗ ਸ੍ਰੀ ਜਸਟਿਸ ਉਦੈ ਉਮੇਸ਼ ਲਲਿਤ ਦੇ ਨਾਂ ਦੀ ਸਿਫ਼ਾਰਸ਼ ਕੀਤੀ ਹੈ।’’ ਦੱਸ ਦੇਈਏ ਕਿ ਸੀਜੇਆਈ ਸਕੱਤਰੇਤ ਨੂੰ 3 ਅਗਸਤ ਦੀ ਰਾਤ ਨੂੰ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਵੱਲੋਂ ਪੱਤਰ ਮਿਲਿਆ ਸੀ, ਜਿਸ ਵਿੱਚ ਸੀਜੇਆਈ ਨੂੰ ਆਪਣੇ ਜਾਨਸ਼ੀਨ ਦੇ ਨਾਮ ਦੀ ਸਿਫਾਰਸ਼ ਕੀਤੇ ਜਾਣ ਦੀ ਅਪੀਲ ਕੀਤੀ ਗਈ ਸੀ। ਮੈਮੋਰੈਂਡਮ ਆਫ਼ ਪ੍ਰੋਸੀਜ਼ਰ (ਐੱਮਓਪੀ) ਮੁਤਾਬਕ ਅਹੁਦਾ ਛੱਡ ਰਿਹਾ ਸੀਜੇਆਈ ਕਾਨੂੰਨ ਮੰਤਰਾਲੇ ਵੱਲੋ ਮਿਲੇ ਪੱਤਰ ਮਗਰੋਂ ਆਪਣੇ ਜਾਨਸ਼ੀਨ ਦੇ ਨਾਮ ਦੀ ਸਿਫਾਰਸ਼ ਕਰਦਾ ਹੈ। ਐੱਮਓਪੀ ਕਹਿੰਦਾ ਹੈ ਕਿ ਸਿਖਰਲੀ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਨੂੰ ਸੀਜੇਆਈ ਦੇ ਦਫ਼ਤਰ ਲਈ ਫਿੱਟ ਮੰਨਿਆ ਜਾਂਦਾ ਹੈ ਤੇ ਅਹੁਦਾ ਛੱਡ ਰਹੇ ਨਿਆਂਪਾਲਿਕਾ ਦੇ ਮੁਖੀ ਤੋਂ ਢੁੱਕਵੇਂ ਸਮੇਂ ’ਤੇ ਉਸ ਦੇ ਜਾਨਸ਼ੀਨ ਬਾਰੇ ਵਿਚਾਰ/ਰਾਏ ਲਈ ਜਾਂਦੀ ਹੈ।
ਜਸਟਿਸ ਲਲਿਤ ਦਾ ਜਨਮ 9 ਨਵੰਬਰ 1957 ਨੂੰ ਹੋਇਆ ਸੀ ਤੇ ਉਹ ਜੂਨ 1983 ਵਿੱਚ ਐਡਵੋਕੇਟ ਬਣੇ ਸਨ। ਉਨ੍ਹਾਂ ਦਸੰਬਰ 1985 ਤੱਕ ਬੰਬੇ ਹਾਈ ਕੋਰਟ ਵਿਚ ਪ੍ਰੈਕਟਿਸ ਕੀਤੀ। ਮਗਰੋਂ ਉਹ ਦਿੱਲੀ ਤਬਦੀਲ ਹੋ ਗਏ। ਅਪਰੈਲ 2004 ਵਿੱਚ ਉਨ੍ਹਾਂ ਨੂੰ ਸੁਪਰੀਮ ਕੋਰਟ ਦਾ ਸੀਨੀਅਰ ਵਕੀਲ ਮਨੋਨੀਤ ਕੀਤਾ ਗਿਆ। ਬਾਰ ਤੋਂ ਸਿੱਧਾ ਸੁਪਰੀਮ ਕੋਰਟ ਦੇ ਜੱਜ ਵਜੋਂ ਉਨ੍ਹਾਂ ਦੇ ਨਾਂ ਦੀ ਸਿਫਾਰਸ਼ ਕੀਤੇ ਜਾਣ ਤੋਂ ਪਹਿਲਾਂ ਉਹ 2ਜੀ ਟਰਾਇਲ ਨਾਲ ਜੁੜੇ ਕੇਸ ਵਿੱਚ ਵਿਸ਼ੇਸ਼ ਸਰਕਾਰੀ ਵਕੀਲ ਵਜੋਂ ਪੇਸ਼ ਹੋਏ। ਉਨ੍ਹਾਂ ਨੂੰ 13 ਅਗਸਤ 2014 ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। -ਪੀਟੀਆਈ