ਮੁੰਬਈ, 21 ਸਤੰਬਰ
ਨੈਸ਼ਨਲ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਉਹ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ-ਬਰ-ਤਿਆਰ ਹਨ। ਈਡੀ ਨੇ ਪਾਤਰਾ ‘ਚਾਲ’ ਮੁੜ ਵਿਕਾਸ ਪ੍ਰਾਜੈਕਟ ਕੇਸ ਵਿੱਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਖ਼ਿਲਾਫ਼ ਦੋਸ਼-ਪੱਤਰ ਦਾਖ਼ਲ ਕੀਤੇ ਹਨ, ਜਿਸ ਵਿੱਚ ਐੱਨਸੀਪੀ ਮੁਖੀ ਦੀ ਇੱਕ ਮੀਟਿੰਗ ਦਾ ਵੀ ਜ਼ਿਕਰ ਹੈ। ਪਾਤਰਾ ਚਾਲ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਮੁੱਖ ਗਵਾਹ ਨੇ ਈਡੀ ਨੂੰ ਕਥਿਤ ਤੌਰ ’ਤੇ ਕਿਹਾ ਹੈ ਕਿ 2008-09 ਵਿੱਚ ਇਲਾਕੇ ਦੇ ਕੁੱਝ ਨਿਵਾਸੀਆਂ ਨੇ ਚਾਲ ਦੇ ਮੁੜ ਵਿਕਾਸ ਲਈ ਸਥਾਨਕ ਸਿਆਸਤਦਾਨਾਂ ਰਾਹੀਂ ਆਰਸੀਪੀ ਮੁਖੀ ਸ਼ਰਦ ਪਵਾਰ ਨਾਲ ਸੰਪਰਕ ਕੀਤਾ ਸੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਵਿਰੋਧੀ ਧਿਰਾਂ ਦੇ ਆਗੂਆਂ ਖ਼ਿਲਾਫ਼ ਮਾਮਲੇ ਦਰਜ ਕਰਵਾਉਣਾ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣਾ ਕੇਂਦਰ ਦਾ ਪ੍ਰਮੁੱਖ ਪ੍ਰਾਜੈਕਟ ਹੈ।
ਇਸ ਦੌਰਾਨ ਐੱਨਸੀਪੀ ਪ੍ਰਧਾਨ ਪਵਾਰ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਸੁਪਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੌਮੀ ਹਿੱਤਾਂ ਲਈ ਕਾਂਗਰਸ ਨਾਲ ਆਪਣੇ ਮਤਭੇਦ ਭੁਲਾਉਣ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਨਾਲ ਮਿਲ ਕੇ ਗੱਠਜੋੜ ਬਣਾਉਣ ਲਈ ਤਿਆਰ ਹੈ।
–ਪੀਟੀਆਈ