ਮੁੰਬਈ, 26 ਜੂਨ
ਪਾਰਟੀ ਪ੍ਰਧਾਨ ਊਧਵ ਠਾਕਰੇ ਤੇ ਬਾਗ਼ੀ ਆਗੂ ਏਕਨਾਥ ਸ਼ਿੰਦੇ ਵਿਚਾਲੇ ਸ਼ਿਵ ਸੈਨਾ ਦੇ ਕੰਟਰੋਲ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਦਰਮਿਆਨ ਪਾਰਟੀ ਆਗੂ ਸੰਜੈ ਰਾਊਤ ਨੇ ਬਾਗ਼ੀ ਵਿਧਾਇਕਾਂ ਨੂੰ ਅਸਤੀਫ਼ੇ ਦੇ ਕੇ ਨਵੇਂ ਸਿਰੇ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਰਾਊਤ ਨੇ ਹਾਲਾਂਕਿ ਇਹ ਗੱਲ ਵੀ ਕਹੀ ਕਿ ਜਿਹੜੇ ਮੁੜਨ ਦੇ ਇੱਛੁਕ ਹਨ, ਉਨ੍ਹਾਂ ਲਈ ਪਾਰਟੀ ਦੇ ਦਰ ਖੁੱਲ੍ਹੇ ਹਨ। ਸੰਸਦ ਮੈਂਬਰ ਨੇ ਵਿਸ਼ਵਾਸ ਜਤਾਇਆ ਕਿ ਸੈਨਾ, ਐੱਨਸੀਪੀ ਤੇ ਕਾਂਗਰਸ ਦੀ ਸ਼ਮੂਲੀਅਤ ਵਾਲਾ ਸੱਤਾਧਾਰੀ ਮਹਾ ਵਿਕਾਸ ਅਘਾੜੀ ਗੱਠਜੋੜ ਮੌਜੂਦਾ ਸਿਆਸੀ ਸੰਕਟ ਨੂੰ ਪਾਰ ਪਾ ਲਏਗਾ। ਸ਼ਿੰਦੇ ਵੱਲੋਂ ਭਾਜਪਾ ਆਗੂਆਂ ਨਾਲ ਗੁਪਤ ਮੀਟਿੰਗਾਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਰਾਊਤ ਨੇ ਕਿਹਾ, ‘‘ਜੇਕਰ ਤੁਹਾਡੇ ਵਿੱਚ ਦਮ ਹੈ ਤਾਂ ਆਪਣੇ ਬਾਪ ਦੇ ਨਾਮ ’ਤੇ ਜਾਂ ਫਿਰ ਵਡੋਦਰਾ, ਸੂਰਤ ਤੇ ਨਵੀਂ ਦਿੱਲੀ ਵਿੱਚ ਬੈਠੇ ਆਪਣੇ ਬਾਪਾਂ ਦੇ ਨਾਂ ’ਤੇ ਵੋਟਾਂ ਮੰਗੋ।’’
ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਬਾਗ਼ੀਆਂ ਨੂੰ ਖੁੱਲ੍ਹੀ ਚੁਣੌਤੀ ਦਿੰਦਾ ਹਾਂ ਕਿ ਉਹ ਅਸਤੀਫ਼ਾ ਦੇਣ ਤੇ ਨਵੇਂ ਸਿਰੇ ਤੋਂ ਲੋਕਾਂ ਦਾ ਫ਼ਤਵਾ ਹਾਸਲ ਕਰਨ। ਬੀਤੇ ਵਿੱਚ ਛਗਨ ਭੁਜਬਲ, ਨਰਾਇਣ ਰਾਣੇ ਤੇ ਉਨ੍ਹਾਂ ਦੇ ਹਮਾਇਤੀ ਸ਼ਿਵ ਸੈਨਾ ਤੋਂ ਅਸਤੀਫ਼ਾ ਦੇ ਕੇ ਹੋਰਨਾਂ ਪਾਰਟੀਆਂ ਵਿੱਚ ਸ਼ਾਮਲ ਹੋਏ ਹਨ। ਇਥੋਂ ਤੱਕ ਕਿ ਮੱਧ ਪ੍ਰਦੇਸ਼ ਵਿੱਚ ਕੇਂਦਰੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਦੇ ਹਮਾਇਤੀਆਂ ਨੇ (ਮਾਰਚ 2020 ਵਿੱਚ) ਕਾਂਗਰਸ ਵਿਧਾਇਕਾਂ ਵਜੋਂ ਅਸਤੀਫਾ ਦਿੱਤਾ ਸੀ।’’ ਰਾਊਤ ਨੇ ਕਿਹਾ ਕਿ ਸ਼ਿਵ ਸੈਨਾ ਦੇ ਜ਼ਮੀਨੀ ਪੱਧਰ ’ਤੇ ਕੰਮ ਕਰਦੇ ਵਰਕਰਾਂ ਤੇ ਕਾਰਕੁਨਾਂ ਨੂੰ ਲੀਡਰਸ਼ਿਪ ਦੇ ਇਸ਼ਾਰੇ ਦੀ ਉਡੀਕ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਪਾਰਟੀ, ਬਾਗ਼ੀਆਂ ਦੇ ਟਾਕਰੇ ਲਈ ਤਿਆਰ ਹੈ। ਰਾਊਤ ਨੇ ਸ਼ਿੰਦੇ ਵੱਲੋਂ ਲੰਘੀ ਰਾਤ ਨੂੰ ਕੀਤੇ ਟਵੀਟ, ਜਿਸ ਵਿੱਚ ਬਾਗ਼ੀ ਆਗੂ ਨੇ ਸੈਨਾ ਵਰਕਰਾਂ ਨੂੰ ਉਸ ਵਿੱਚ ਭਰੋਸਾ ਰੱਖਣ ਦੀ ਅਪੀਲ ਕੀਤੀ ਸੀ, ਦੇ ਹਵਾਲੇ ਨਾਲ ਕਿਹਾ, ‘‘ਪਤਾ ਨਹੀਂ ਕੀ ਇਨ੍ਹਾਂ ਲੋਕਾਂ ਨੇ ਕੋਈ ਨਸ਼ਾ ਕੀਤਾ ਹੈ। ਉਹ ਪਿਛਲੇ ਢਾਈ ਸਾਲਾਂ ਤੋਂ ਸੱਤਾ ਵਿੱਚ ਹਨ ਤੇ ਉਨ੍ਹਾਂ ਨੂੰ ਮੰਤਰੀ ਵਜੋਂ ਸਭ ਤੋਂ ਅਹਿਮ ਮੰਤਰਾਲੇ ਮਿਲੇ ਹਨ।’’ ਰਾਊਤ ਨੇ ਚੇਤਾਵਨੀ ਦਿੱਤੀ ਕਿ ਬਾਗ਼ੀ ਵਿਧਾਇਕਾਂ ਦੇ ਸਮੂਹ ਵਿੱਚ ਵੀ ਬਗ਼ਾਵਤ ਹੋ ਸਕਦੀ ਹੈ। ਉਨ੍ਹਾਂ ਕਿਹਾ, ‘‘ਇਕ ਵਾਰ ਇਨ੍ਹਾਂ ਨੂੰ ਮੁੰਬਈ ਮੁੜ ਲੈਣ ਦਿਓ, ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਅਸਲ ਬਗ਼ਾਵਤ ਕਿੱਥੇ ਹੈ। ਅਸੀਂ ਉਨ੍ਹਾਂ ਦੇ ਸਮੂਹ ਵੱਲੋਂ ਸ਼ਿਵ ਸੈਨਾ ਤੇ ਬਾਲਾਸਾਹਿਬ ਠਾਕਰੇ ਦਾ ਨਾਂ ਵਰਤੇ ਜਾਣ ਦੇ ਖਿਲਾਫ਼ ਹਾਂ।’’
ਐੱਮਵੀਏ ਵੱਲੋਂ ਮੌਜੂਦਾ ਸੰਕਟ ਝੱਲ ਲੈਣ ਦਾ ਦਾਅਵਾ ਕਰਦਿਆਂ ਰਾਊਤ ਨੇ ਕਿਹਾ, ‘‘ਬਾਗ਼ੀ, ਬਹੁਗਿਣਤੀ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕਰਦੇ ਹਨ। ਫਿਰ ਉਹ ਅਜੇ ਤੱਕ ਗੁਹਾਟੀ ਵਿੱਚ ਕਿਉਂ ਬੈਠੇ ਹਨ? ਮੁੰਬਈ ਆਓ। ਮੈਂ ਖ਼ੁਦ ਉਨ੍ਹਾਂ ਦੇ ਸਵਾਗਤ ਲਈ ਮੁੰਬਈ ਜਾਵਾਂਗਾ। ਗੁਹਾਟੀ ਦੇ ਹੋਟਲ ਵਿੱਚ ਬੈਠੇ ਬਾਗ਼ੀ ਵਿਧਾਇਕ ਆਪਸ ਵਿੱਚ ਲੜ ਪੈਣ ਤਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ, ਕਿਉਂਕਿ ਉਨ੍ਹਾਂ ਨੂੰ ਉਥੇ ਜਬਰੀ ਰੱਖਿਆ ਗਿਆ ਹੈ।’’ ਸੈਨਾ ਆਗੂ ਨੇ ਕਿਹਾ ਕਿ ਜਿਹੜੇ ਮੁੜਨਾ ਚਾਹੁੰਦੇ ਹਨ, ਉਨ੍ਹਾਂ ਲਈ ਪਾਰਟੀ ਦੇ ਦਰ ਖੁੱਲ੍ਹੇ ਹਨ। ਰਾਊਤ ਨੇ ਕਿਹਾ, ‘‘ਮੈਂ ਕਈਆਂ ਦੇ ਸੰਪਰਕ ਵਿੱਚ ਹਾਂ। ਵੇਖਦੇ ਹਾਂ ਕੀ ਭਾਜਪਾ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਉਂਦੀ ਹੈ।’’ ਇਸ ਦੌਰਾਨ ਰਾਊਤ ਨੇ ਸੈਨਾ ਦੇ ਪਰਚੇ ‘ਸਾਮਨਾ’ ਵਿੱਚ ਆਪਣ ਹਫ਼ਤਾਵਾਰੀ ਕਾਲਮ ‘ਰੋਕਠੋਕ’ ਵਿੱਚ ਮਹਾਰਾਸ਼ਟਰ ਅਸੈਂਬਲੀ ’ਚ ਵਿਰੋਧੀ ਧਿਰ ਦੇ ਆਗੂ ਦੇਵੇਂਦਰ ਫੜਨਵੀਸ ਦੀ ਜ਼ੋਰਦਾਰ ਨੁਕਤਾਚੀਨੀ ਕੀਤੀ ਹੈ। ਰਾਊਤ ਨੇ ਲਿਖਿਐ, ‘‘ਇਨ੍ਹਾਂ ਬਾਗ਼ੀਆਂ ਦੀ ਭੁੱਖ ਬਹੁਤ ਵੱਡੀ ਹੈ। ਜੇਕਰ ਫੜਨਵੀਸ ਇਨ੍ਹਾਂ ਨੂੰ ਹੱਲਾਸ਼ੇਰੀ ਦੇ ਕੇ ਸੱਤਾ ਵਿੱਚ ਵਾਪਸੀ ਦੀਆਂ ਯੋਜਨਾਵਾਂ ਬਣਾ ਰਹੇ ਹਨ ਤਾਂ ਇਹ ਸਰਕਾਰ ਬਹੁਤਾ ਚਿਰ ਨਹੀਂ ਚੱਲੇਗੀ। ਫੜਨਵੀਸ ਨੇ ਇਕ ਵਾਰ ਫਿਰ ਗ਼ਲਤ ਫੈਸਲਾ ਲਿਆ ਹੈ। ਇਹ ਬਾਗ਼ੀ ਜਦੋਂ ਆਪਣੀ ਮਾਂ (ਪਾਰਟੀ) ਨੂੰ ਛੱਡ ਸਕਦੇ ਹਨ ਤਾਂ ਫਿਰ ਫੜਨਵੀਸ ਨਾਲ ਕਿਵੇਂ ਰਹਿਣਗੇ।’’ ਰਾਊਤ ਨੇ ਕਿਹਾ ਕਿ ਸ਼ਿੰਦੇ ਜੇਕਰ ਸ਼ਿਵ ਸੈਨਾ ਵਿੱਚ ਰਹਿੰਦੇ ਤਾਂ ਉਨ੍ਹਾਂ ਕੋਲ ਮੁੱਖ ਮੰਤਰੀ ਬਣਨ ਦਾ ਮੌਕਾ ਸੀ। ਸ਼ਿੰਦੇ ਮੁੱਖ ਮੰਤਰੀ ਬਣ ਸਕਦੇ ਹਨ, ਜੇਕਰ ਭਾਜਪਾ ਢਾਈ ਢਾਈ ਸਾਲ ਲਈ ਮੁੱਖ ਮੰਤਰੀ ਬਣਾਉਣ ਦੇ ਆਪਣੇ ਵਾਅਦੇ ਨੂੰ ਪੁਗਾਉਂਦੀ ਹੈ। -ਪੀਟੀਆਈ
‘ਸੈਰ-ਸਪਾਟੇ ਨੂੰ ਹੁਲਾਰੇ ਲਈ ਮਹਾਰਾਸ਼ਟਰ-ਆਸਾਮ ’ਚ ਪ੍ਰੋਗਰਾਮ ਰੱਖਿਆ ਜਾਵੇ’
ਰਾਊਤ ਨੇ ਕਿਹਾ ਕਿ ਉਨ੍ਹਾਂ ਆਸਾਮ ਦੇ ਲਗਜ਼ਰੀ ਹੋਟਲ ਨੂੰ ਈਮੇਲ ਭੇਜ ਕੇ 40 ਕਮਰੇ ਮੰਗੇ ਹਨ। ਉਨ੍ਹਾਂ ਕਿਹਾ, ‘‘ਮੈਂ ਆਸਾਮ ਦੇ ਮੁੱਖ ਮੰਤਰੀ, ਜਿਨ੍ਹਾਂ ਊਧਵ ਠਾਕਰੇ ਨੂੰ ਸੈਲਾਨੀ ਵਜੋਂ ਆਸਾਮ ਆਉਣ ਦਾ ਸੱਦਾ ਦਿੱਤਾ ਹੈ, ਨੂੰ ਵੀ ਈਮੇਲ ਭੇਜੀ ਹੈ। ਮੈਂ ਉਨ੍ਹਾਂ ਨੂੰ ਚਿੱਠੀ ਲਿਖੀ ਹੈ ਕਿ ਮਹਾਰਾਸ਼ਟਰ ਤੇ ਆਸਾਮ ਵਿੱਚ ਸੈਰ-ਸਪਾਟੇ ਨੂੰ ਹੁਲਾਰੇ ਲਈ ਪ੍ਰੋਗਰਾਮ ਰੱਖਿਆ ਜਾਵੇ। ਇਸ ਲਈ ਸਾਨੂੰ ਹੋਟਲ ਵਿੱਚ ਬੁਕਿੰਗ ਦੀ ਲੋੜ ਹੈ, ਪਰ ਅਜੇ ਤੱਕ ਇਸ ਦਾ ਜਵਾਬ ਨਹੀਂ ਮਿਲਿਆ।’’
ਗੁਹਾਟੀ ਦੇ ਹੋਟਲ ਰੈਡੀਸਨ ਬਲੂ ਵਿੱਚ 30 ਜੂਨ ਤਕ ਨਵੀਆਂ ਬੁਕਿੰਗਾਂ ’ਤੇ ਰੋਕ
ਗੁਹਾਟੀ: ਇਥੋਂ ਦੇ ਲਗਜ਼ਰੀ ਹੋਟਲ ਰੈਡੀਸਨ ਬਲੂ ਦੀ ਮੈਨੇਜਮੈਂਟ ਨੇ 30 ਜੂਨ ਤਕ ਨਵੀਆਂ ਬੁਕਿੰਗਾਂ ’ਤੇ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਹੋਟਲ ਵਿੱਚ ਸ਼ਿਵ ਸੈਨਾ ਆਗੂ ਤੇ ਬਾਗੀ ਵਿਧਾਇਕ ਏਕਨਾਥ ਸ਼ਿੰਦੇ ਪਾਰਟੀ ਦੇ ਹੋਰਨਾਂ ਵਿਧਾਇਕਾਂ ਨਾਲ 22 ਜੂਨ ਤੋਂ ਠਹਿਰੇ ਹੋਏ ਹਨ। ਇਸ ਪੰਜ ਸਿਤਾਰਾ ਹੋਟਲ ਦੀ ਵੈੱਬਸਾਈਟ ਨੇ ਨਵੇਂ ਕਮਰਿਆਂ ਦੀ ਬੁਕਿੰਗ ’ਤੇ 30 ਜੂਨ ਤਕ ਰੋਕ ਲਗਾ ਦਿੱਤੀ ਹੈ। ਇਸੇ ਦੌਰਾਨ ਹੋਟਲ ਦੇ ਵੈੱਬਸਾਈਟ ਰਾਹੀਂ ਪਹਿਲੀ ਜੁਲਾਈ ਤੋਂ ਬੁਕਿੰਗ ਕਰਵਾਈ ਜਾ ਸਕਦੀ ਹੈ। -ਪੀਟੀਆਈ
ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਦੀ ਕੋਈ ਸੰਭਾਵਨਾ ਨਹੀਂ: ਪਵਾਰ
ਨਵੀਂ ਦਿੱਲੀ: ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਮਹਾਰਾਸ਼ਟਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਹੈ। ਪਵਾਰ ਨੇ ਕਿਹਾ, ‘‘ਜੇਕਰ ਤੁਸੀਂ ਰਾਸ਼ਟਰਪਤੀ ਰਾਜ ਹੀ ਲਾਗੂ ਕਰਨਾ ਹੈ ਤਾਂ ਇੰਨੇ ਵਿਧਾਇਕਾਂ ਨੂੰ ਇਕ ਥਾਂ ਰੱਖਣ ਦੀ ਕੀ ਤੁੱਕ ਹੈ। ਮੇਰੀ ਸਮਝ ਮੁਤਾਬਕ ਰਾਸ਼ਟਰਪਤੀ ਰਾਜ ਦੀ ਕੋਈ ਸੰਭਾਵਨਾ ਨਹੀਂ ਹੈ। ਜੇਕਰ ਇਹ ਅਜਿਹਾ ਹੁੰਦਾ ਹੈ, ਤਾਂ ਚੋਣਾਂ ਹੀ ਹੋਣਗੀਆਂ।’’ ਉਨ੍ਹਾਂ ਕਿਹਾ ਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨੇ ਗੁਹਾਟੀ ਵਿੱਚ ਬਾਗ਼ੀ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਨਾਲ ਜਾ ਰਲਣ ਵਾਲੇ ਮੰਤਰੀਆਂ ਨੂੰ ਹਟਾਉਣ ਦੀ ਤਿਆਰੀ ਖਿੱਚ ਲਈ ਹੈ। ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਪਵਾਰ ਨੇ ਕਿਹਾ ਕਿ ਐੱਮਵੀਏ ਭਾਈਵਾਲਾਂ ਨੇ ਠਾਕਰੇ ਨੂੰ ਬਾਗ਼ੀਆਂ ਖਿਲਾਫ਼ ਕਾਰਵਾਈ ਦੇ ਅਧਿਕਾਰ ਦੇ ਦਿੱਤੇ ਹਨ ਤੇ ਇਕ ਦੋ ਦਿਨਾਂ ਵਿੱਚ ਲੋੜੀਂਦੇ ਕਦਮ ਚੁੱਕੇ ਜਾਣਗੇ। -ਪੀਟੀਆਈ
ਆਸਾਮ ਦੇ ਦੋ ਭਾਜਪਾ ਮੰਤਰੀ ਬਾਗ਼ੀ ਸ਼ਿਵ ਸੈਨਾ ਵਿਧਾਇਕਾਂ ਨੂੰ ਮਿਲੇ
ਗੁਹਾਟੀ: ਆਸਾਮ ਸਰਕਾਰ ’ਚ ਮੰਤਰੀ ਅਸ਼ੋਕ ਸਿੰਘਲ ਤੇ ਪਿਊਸ਼ ਹਜ਼ਾਰਿਕਾ ਇਥੇ ਲਗਜ਼ਰੀ ਹੋਟਲ ਵਿੱਚ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਡੇਰੇ ਲਾਈ ਬੈਠੇ ਬਾਗ਼ੀ ਵਿਧਾਇਕਾਂ ਨੂੰ ਮਿਲੇ। ਆਸਾਮ ਦੇ ਮਕਾਨ ਉਸਾਰੀ ਤੇ ਸ਼ਹਿਰ ਮਾਮਲਿਆਂ ਬਾਰੇ ਮੰਤਰੀ ਸਿੰਘਲ ਦੀ ਬਾਗ਼ੀ ਆਗੂਆਂ ਨਾਲ ਪਿਛਲੇ ਤਿੰਨ ਦਿਨਾਂ ’ਚ ਇਹ ਦੂਜੀ ਮੁਲਾਕਾਤ ਹੈ। ਸ਼ਨਿੱਚਰਵਾਰ ਨੂੰ ਵੀ ਉਹ ਦੋ ਵਾਰ ਹੋਟਲ ਵਿੱਚ ਸ਼ਿੰਦੇ ਤੇ ਹੋਰਨਾਂ ਬਾਗ਼ੀ ਵਿਧਾਇਕਾਂ ਨੂੰ ਮਿਲੇ ਸਨ। ਇਸ ਦੌਰਾਨ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਸਿਲਚਰ ਵਿੱਚ ਹੜ੍ਹਾਂ ਦੇ ਹਾਲਾਤ ਦੀ ਸਮੀਖਿਆ ਮਗਰੋਂ ਹਵਾਈ ਅੱਡੇ ਤੋਂ ਮੁੜਦਿਆਂ ਨੈਸ਼ਨਲ ਹਾਈਵੇਅ 37 ’ਤੇ ਗੋਟਾਨਗਰ ਇਲਾਕੇ ਵਿੱਚ ਕੁਝ ਮਿੰਟ ਲਈ ਰੁਕੇ। ਸ਼ਿਵ ਸੈਨਾ ਦੇ ਬਾਗੀ ਵਿਧਾਇਕ ਜਿਸ ਲਗਜ਼ਰੀ ਹੋਟਲ ਰੈਡੀਸਨ ਬਲੂ ਵਿੱਚ ਰੁਕੇ ਹਨ, ਉਹ ਇਸੇ ਇਲਾਕੇ ਵਿੱਚ ਹੈ। ਮੁੱਖ ਮੰਤਰੀ ਦਾ ਕਾਫ਼ਲਾ ਹੋਟਲ ਦੇ ਬਿਲਕੁਲ ਸਾਹਮਣੇ ਰੁਕਿਆ ਤੇ ਉਨ੍ਹਾਂ ਹੋਟਲ ਦੇ ਬੰਦ ਗੇਟ ਦੇ ਬਾਹਰੋਂ ਰਿਪੋਰਟਿੰਗ ਕਰ ਰਹੇ ਪੱਤਰਕਾਰਾਂ ਨੂੰ ਵਧਾਈ ਦਿੱਤੀ। ਸਰਮਾ ਮਗਰੋਂ ਉਥੋਂ ਚਲੇ ਗਏ। ਇਕ ਸੂਤਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਹਜ਼ਾਰਿਕਾ, ਜੋ ਆਸਾਮ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਹਨ, ਅੱਜ ਸਵੇਰੇ ਹੋਟਲ ਵਿਚ ਗਏ ਤੇ ਉਥੇ ਦੋ ਘੰਟੇ ਦੇ ਕਰੀਬ ਰੁਕੇ। -ਪੀਟੀਆਈ
ਸ਼ਿਵ ਸੈਨਾ ਵਰਕਰਾਂ ਵੱਲੋਂ ਪਾਰਟੀ ਬਾਗ਼ੀਆਂ ਖਿਲਾਫ਼ ਪ੍ਰਦਰਸ਼ਨ
ਮੁੰਬਈ/ਪੁਣੇ: ਸ਼ਿਵ ਸੈਨਾ ਪ੍ਰਧਾਨ ਤੇ ਮੁੱਖ ਮੰਤਰੀ ਊਧਵ ਠਾਕਰੇ ਦੇ ਹਮਾਇਤੀਆਂ ਨੇ ਅੱਜ ਇਥੇ ਮੁੰਬਈ ਵਿੱਚ ਦੁਪਹੀਆ ਰੈਲੀ ਕੀਤੀ ਤੇ ਪੁਣੇ ਵਿੱਚ ਕਈ ਥਾਈਂ ਰੋਸ ਮੁਜ਼ਾਹਰੇ ਕੀਤੇ। ਪੁਣੇ ਸ਼ਹਿਰ ਵਿੱਚ ਸੈਨਾ ਵਰਕਰਾਂ ਤੇ ਸਥਾਨਕ ਆਗੂਆਂ ਨੇ ਇਕਾਈ ਪ੍ਰਧਾਨ ਗਜਾਨਨ ਠਾਰਕੁੜੇ ਦੀ ਅਗਵਾਈ ਵਿੱਚ ਬਾਲਗੰਧਰਵਾ ਆਡੀਟੋਰੀਅਮ ਦੇ ਬਾਹਰ ਅਤੇ ਕੋਥਰੁਡ ਵਿੱਚ ‘ਜੋੜੇ ਮਾਰੋ’(ਛਿੱਤਰਾਂ ਨਾਲ ਕੁੱਟੋ) ਪ੍ਰਦਰਸ਼ਨ ਕੀਤਾ। ਪਾਰਟੀ ਵਰਕਰ ਸ਼ਿੰਦੇ ਦੀ ਤਸਵੀਰ ’ਤੇ ਜੁੱਤੀਆਂ ਮਾਰਦੇ ਨਜ਼ਰ ਆਏ। ਠਾਰਕੁੜੇ ਨੇ ਕਿਹਾ, ‘‘ਇਹ ਪ੍ਰਦਰਸ਼ਨ ਇਸ ਗੱਲ ਦਾ ਸੁਨੇਹਾ ਦੇਣ ਲਈ ਹਨ ਕਿ ਸ਼ਿਵ ਸੈਨਿਕ ਗੱਦਾਰਾਂ ਨੂੰ ਮੁਆਫ਼ ਨਹੀਂ ਕਰਨਗੇ।’’ ਰੋਸ ਮੁਜ਼ਾਹਰਿਆਂ ਵਿੱਚ ਪਾਰਟੀ ਕਾਰਪੋਰੇਟਰ, ਸਥਾਨਕ ਅਹੁਦੇਦਾਰ ਤੇ ਵਰਕਰ ਵੀ ਸ਼ਾਮਲ ਹੋਏ। ਇਸ ਦੌਰਾਨ ਮੁੰਬਈ ਵਿੱਚ ਸ਼ਿਵ ਸੈਨਾ ਦੇ ਪਰਚੇ ‘ਸਾਮਨਾ’ ਦੇ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਪਾਰਟੀ ਵਰਕਰਾਂ ਨੇ ਦੁਪਹੀਆ ਰੈਲੀ ਕੀਤੀ।