ਨਵੀਂ ਦਿੱਲੀ (ਮਨਧੀਰ ਦਿਊਲ): ਫਰਵਰੀ 2020 ਦੌਰਾਨ ਦਿੱਲੀ ਦੇ ਉੱਤਰੀ-ਪੂਰਬੀ ਇਲਾਕੇ ’ਚ ਹੋਈ ਹਿੰਸਾ ਸਮੇਂ ਦਿੱਲੀ ਪੁਲੀਸ ਦੇ ਮਾਰੇ ਗਏ ਸਿਪਾਹੀ ਰਤਨ ਲਾਲ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਸਵਰਾਜ ਇੰਡੀਆ ਦੇ ਮੁਖੀ ਯੋਗਿੰਦਰ ਯਾਦਵ ਦਾ ਨਾਂ ਵੀ ਚਾਰਜਸ਼ੀਟ ਵਿੱਚ ਸ਼ਾਮਲ ਕੀਤਾ ਹੈ। ਖੱਬੇ ਪੱਖੀ ਵਿਦਿਆਰਥਣ ਆਗੂ ਕੰਵਲਪ੍ਰੀਤ ਕੌਰ ਦਾ ਨਾਂ ਵੀ ਚਾਰਜਸ਼ੀਟ ਵਿੱਚ ਸ਼ਾਮਲ ਹੈ। 23 ਫਰਵਰੀ 2020 ਨੂੰ ਹੋਈ ਪੱਥਰਬਾਜ਼ੀ ਦੌਰਾਨ ਰਤਨ ਲਾਲ ਦੀ ਮੌਤ ਹੋਈ ਸੀ। ਅਪਰਾਧ ਸ਼ਾਖਾ ਵੱਲੋਂ ਮੈਟਰੋਪਾਲਿਟਨ ਮਜਿਸਟ੍ਰੇਟ ਰਾਕੇਸ਼ ਕੁਮਾਰ ਰਾਮਪੁਰੀ ਅੱਗੇ ਪੇਸ਼ ਕੀਤੀ ਗਈ। ਹਾਲਾਂਕਿ ਉਕਤ ਲੋਕਾਂ ਦੇ ਨਾਂ 17 ਕਥਿਤ ਦੋਸ਼ੀਆਂ ਵਿੱਚ ਸ਼ਾਮਲ ਨਹੀਂ ਹਨ। ਇਸੇ ਚਾਰਜਸ਼ੀਟ ’ਚ ਲੰਗਰ ਲਾਉਣ ਵਾਲੇ ਵਕੀਲ ਡੀਐੱਸ ਬਿੰਦਰਾ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਸੀ ਜਿਸ ਕਰਕੇ ਲੋਕਾਂ ਵੱਲੋਂ ਦਿੱਲੀ ਪੁਲੀਸ ਦੀ ਆਲੋਚਨਾ ਵੀ ਕੀਤੀ ਗਈ। ਉੱਧਰ ਡੀਐੱਸ ਬਿੰਦਰਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ। ਇਸੇ ਦੌਰਾਨ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਭਾਜਪਾ ਆਗੂ ਕਪਿਲ ਮਿਸ਼ਰਾ ਖ਼ਿਲਾਫ਼ ਦਿੱਤੀਆਂ ਅਰਜ਼ੀਆਂ ’ਤੇ ਦਿੱਲੀ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸ਼ਿਕਾਇਤਾਂ ਮੁਤਾਬਕ ਕਪਿਲ ਮਿਸ਼ਰਾ ਵੱਲੋਂ ਇਕ ਚੌਕ ’ਚ ਇਕੱਠ ਕਰਨ ਤੋਂ ਕੁੱਝ ਸਮੇਂ ਬਾਅਦ ਹੀ ਦੰਗੇ ਭੜਕ ਪਏ ਸਨ।