ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਜੂਨ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਰਾਮ ਮੰਦਰ ਦੀ ਜ਼ਮੀਨ ਖਰੀਦਣ ਦੇ ਘੁਟਾਲੇ ਬਾਰੇ ਹੋਰ ਖੁਲਾਸੇ ਕਰਦਿਆਂ ਭਾਜਪਾ ਅਤੇ ਰਾਮ ਮੰਦਰ ਜਨਮ ਭੂਮੀ ਨਾਲ ਜੁੜੇ ਲੋਕਾਂ ’ਤੇ ਚੰਦਾ ਚੋਰੀ ਕਰਨ ਦੇ ਦੋਸ਼ ਲਾਏ ਹਨ। ਸ੍ਰੀ ਸੰਜੇ ਸਿੰਘ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਚਿੱਠੀ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੈ ਤਾਂ ਜੋ ਉਨ੍ਹਾਂ ਨੂੰ ਚੰਦਾ ਚੋਰੀ ਸਬੰਧੀ ਅਹਿਮ ਦਸਤਾਵੇਜ਼ ਦਿਖਾਏ ਜਾ ਸਕਣ।
‘ਆਪ’ ਆਗੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਭਗਵਾਨ ਰਾਮ ਦੇ ਮੰਦਰ ਦੀ ਉਸਾਰੀ ਲਈ ਜ਼ਮੀਨ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ,‘‘ਪ੍ਰਧਾਨ ਮੰਤਰੀ ਜੀ, ਬੀਤੇ ਡੇਢ ਸਾਲ ਤੋਂ ਪ੍ਰਭੂ ਸ੍ਰੀ ਰਾਮ ਦੇ ਮੰਦਰ ਦਾ ਨਿਰਮਾਣ ਰੁਕਿਆ ਹੋਇਆ ਹੈ। ਲੁੱਟ ਦਾ ਹਿੱਸਾ ਉਪਰ ਤੱਕ ਜਾ ਰਿਹਾ ਹੈ ਅਤੇ ਇਹ ਕਿਸ-ਕਿਸ ਨੂੰ ਮਿਲਿਆ ਹੈ?’’ ਉਨ੍ਹਾਂ ਕਈ ਤੱਥ ਜਨਤਕ ਕਰਦਿਆਂ ਦਾਅਵਾ ਕੀਤਾ ਕਿ ਕਿਵੇਂ ਮੰਦਰ ਦੀ ਜ਼ਮੀਨ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਨਾ ਹੋਣ ਤੇ ਕੰਮ ਰੁਕੇ ਹੋਣ ਲਈ ਭਾਜਪਾ ਵਾਲੇ ਜ਼ਿੰਮੇਵਾਰ ਹਨ। ਉਨ੍ਹਾਂ ਦੀ ਨੀਅਤ ਮੰਦਰ ਨਿਰਮਾਣ ਵਿੱਚ ਨਹੀਂ ਹੈ। ਸ੍ਰੀ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਆਸਥਾ ਸ੍ਰੀ ਰਾਮ ਵਿੱਚ ਨਹੀਂ ਸਗੋਂ ਪ੍ਰਾਪਰਟੀ ਡੀਲਰਾਂ ਵਿੱਚ ਹੈ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਘੁਟਾਲੇ ਦਾ ਪੈਸਾ ਉਪਰ ਤੱਕ ਜਾ ਰਿਹਾ ਹੈ ਅਤੇ 10-12 ਦਿਨਾਂ ਤੋਂ ਇਸ ਸਬੰਧੀ ਸਾਰੇ ਤੱਥ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਪੁੱਛਿਆ ਕਿ ਡੇਢ ਸਾਲ ਤੱਕ ਮੰਦਰ ਦੀ ਉਸਾਰੀ ਸ਼ੁਰੂ ਕਿਉਂ ਨਹੀਂ ਹੋਈ? ਉਪਰ ਤੱਕ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦਾ ਹਿੱਸਾ ਕਿਸ ਨੂੰ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਟਰੱਸਟ ਵਾਲਿਆਂ ਦੀ ਕਥਿਤ ਮਿਲੀਭੁਗਤ ਨਾਲ ਐਨੀ ਚੰਦਾ ਚੋਰੀ ਕੀਤੀ ਗਈ ਕਿ ਮੰਦਰ ਦੀ ਉਸਾਰੀ ਪੂਰੀ ਤਰ੍ਹਾਂ ਨਾਲ ਰੁਕ ਗਈ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦੇ ਲੋਕਾਂ ਨੇ ਕਰੋੜਾਂ ਹਿੰਦੂਆਂ ਦੀ ਆਸਥਾ ਨੂੰ ਡੂੰਘੀ ਚੋਟ ਪਹੁੰਚਾਈ ਹੈ। ਸੰਘ ਮੁਖੀ ਮੋਹਨ ਭਾਗਵਤ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਚੰਦਾ ਚੋਰੀ ਦੀ ਘਟਨਾ ਨਾਲ ਦੇਸ਼ ਦੇ ਹਿੰਦੂਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਇਸ ਨਾਲ ਦੇਸ਼ ਦੇ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਵੀਐੱਚਪੀ ਨੇ ਅਦਾਲਤ ਜਾਣ ਲਈ ਕਿਹਾ
ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਨੇ ਰਾਮ ਮੰਦਰ ਟਰੱਸਟ ’ਤੇ ਜ਼ਮੀਨੀ ਸੌਦੇ ’ਚ ਲਾਏ ਗਏ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਆਧਾਰਹੀਣ ਕਰਾਰ ਦਿੰਦਿਆਂ ਕਿਹਾ ਹੈ ਕਿ ਦੋਸ਼ ਲਾਉਣ ਵਾਲੇ ਆਗੂਆਂ ਕੋਲ ਜੇਕਰ ਕੋਈ ਸਬੂਤ ਹਨ ਤਾਂ ਉਹ ਅਦਾਲਤ ਦਾ ਰੁਖ ਕਰਨ। ਵੀਐੱਚਪੀ ਦੇ ਸੰਯੁਕਤ ਜਨਰਲ ਸਕੱਤਰ ਸੁਰੇਂਦਰ ਜੈਨ ਨੇ ਕਿਹਾ ਕਿ ਟਰੱਸਟ ਨੇ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਿਤਾ ਨਾਲ ਜ਼ਮੀਨ ਦਾ ਸੌਦਾ ਕੀਤਾ ਹੈ।