ਨਵੀਂ ਦਿੱਲੀ, 23 ਜੁਲਾਈ
ਸੁਪਰੀਮ ਕੋਰਟ ਨੇ ਰਾਜਸਥਾਨ ਹਾਈ ਕੋਰਟ ਨੂੰ ਕਾਂਗਰਸ ਦੇ ਬਾਗ਼ੀ ਨੇਤਾ ਸਚਿਨ ਪਾਇਲਟ ਸਣੇ 19 ਵਿਧਾਇਕਾਂ ਦੀ ਅਪੀਲ ‘ਤੇ ਭਲਕੇ ਫੈਸਲਾ ਸੁਣਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਨੇ ਵਿਧਾਨ ਸਭਾ ਸਪੀਕਰ ਸੀਪੀ ਜੋਸ਼ੀ ਵੱਲੋਂ ਜਾਰੀ ਅਯੋਗਤਾ ਨੋਟਿਸ ਖ਼ਿਲਾਫ਼ ਕਾਰਵਾਈ ਰੋਕਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ। ਹਾਈ ਕੋਰਟ ਨੇ 24 ਜੁਲਾਈ ਨੂੰ ਫੈਸਲਾ ਸੁਣਾਉਣਾ ਹੈ ਤੇ ਸਪੀਕਰ ਨੇ ਹਾਈ ਕੋਰਟ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰ ਖੜਕਾਇਆ ਸੀ। ਜਸਟਿਸ ਅਰੁਣ ਮਿਸ਼ਰਾ, ਜਸਟਿਸ ਬੀਆਰ ਗਾਵਈ ਅਤੇ ਕ੍ਰਿਸ਼ਨਾ ਮੁਰਾਰੀ ਦੇ ਬੈਂਚ ਨੇ ਕਿਹਾ ਕਿ ਸ੍ਰੀ ਜੋਸ਼ੀ ਦੀ ਪਟੀਸ਼ਨ ਮਹੱਤਵਪੂਰਨ ਸਵਾਲ ਖੜ੍ਹੇ ਕਰਦੀ ਹੈ ਅਤੇ ਇਸ ਲਈ ਲੰਬੀ ਸੁਣਵਾਈ ਦੀ ਲੋੜ ਹੈ।