ਜੈਪੁਰ, 29 ਜਨਵਰੀ
ਭੀਲਵਾੜਾ ਜ਼ਿਲ੍ਹੇ ਵਿੱਚ ਇੱਕ ਮਹਿਲਾ ਸਬ ਇੰਸਪੈਕਟਰ (ਐੱਸਆਈ) ਨੇ ਭਾਜਪਾ ਨੇਤਾ ਅਤੇ ਹੋਰਨਾਂ ਖ਼ਿਲਾਫ਼ ਸਮੂੁਹਿਕ ਜਬਰ-ਜਨਾਹ ਦਾ ਦੋਸ਼ ਲਾਇਆ ਹੈ, ਜਿਸ ਮਗਰੋਂ ਪੁਲੀਸ ਵੱਲੋਂ ਐੱਫਆਈਆਰ ਦਰਜ ਕੀਤੀ ਗਈ ਹੈ। ਭੀਲਵਾੜਾ ਦੇ ਐੱਸਪੀ ਆਦਰਸ਼ ਸਿੱਧੂ ਨੇ ਦੱਸਿਆ ਕਿ ਮਹਿਲਾ ਐੱਸਆਈ ਨੇ ਸ਼ਨਿਚਰਵਾਰ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ, ਜਿਸ ਤਹਿਤ ਮੁੱਖ ਮੁਲਜ਼ਮ ਭੰਵਰ ਸਿੰਘ ਪਲਾਰਾ ਅਤੇ ਉਸ ਦੇ ਸਟਾਫ ਮੈਂਬਰਾਂ ਸਣੇ ਕੁੱਝ ਹੋਰ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੇਸ ਦੀ ਜਾਂਚ ਸ਼ਾਹਪੁਰਾ ਦੇ ਵਧੀਕ ਐੱਸਪੀ ਨੂੰ ਸੌਂਪ ਦਿੱਤੀ ਗਈ ਹੈ। ਪੁਲੀਸ ਸੂਤਰਾਂ ਮੁਤਾਬਕ ਐੱਫਆਈਆਰ ਵਿੱਚ ਰਾਜਸਥਾਨ ਪੁਲੀਸ ਸਰਵਿਸ ਦੇ ਇੱਕ ਅਧਿਕਾਰੀ, ਜਿਹੜਾ ਭੀਲਵਾੜਾ ਵਿੱਚ ਵਧੀਕ ਐੱਸਪੀ ਵਜੋਂ ਤਾਇਨਾਤ ਸੀ, ਦਾ ਨਾਮ ਵੀ ਸ਼ਾਮਲ ਹੈ। ਸੂਤਰਾਂ ਮੁਤਾਬਕ, ‘‘ਮਹਿਲਾ ਐੱਸਆਈ ਨੇ ਕਥਿਤ ਦੋਸ਼ ਲਾਇਆ ਕਿ ਤਤਕਾਲੀ ਐਡੀਸ਼ਨਲ ਐੱਸਪੀ ਦੇ ਕਹਿਣ ’ਤੇ ਬਦਲੀ ਦੇ ਸਬੰਧ ਵਿੱਚ ਉਹ 2018 ਵਿੱਚ ਪਲਾਰਾ ਨੂੰ ਮਿਲੀ ਸੀ। ਇਸ ਮਗਰੋਂ ਪਲਾਰਾ ਨੇ ਪੁਲੀਸ ਲਾਈਨਜ਼ ਸਥਿਤ ਉਸ ਦੀ ਸਰਕਾਰੀ ਰਿਹਾਇਸ਼ ’ਤੇ ਉਸ ਨਾਲ ਜਬਰ-ਜਨਾਹ ਕੀਤਾ।’’ ਸੂਤਰਾਂ ਨੇ ਦੱਸਿਆ ਕਿ ਮਹਿਲਾ ਅਨੁਸਾਰ ਪਲਾਰਾ ਵੱਲੋਂ ਸਾਲ 2018 ਤੋਂ 2021 ਦੌਰਾਨ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ ਗਿਆ। -ਪੀਟੀਆਈ