ਗੁੰਡਲੂਪੇਟ (ਕਰਨਾਟਕ), 1 ਅਕਤੂਬਰ
ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਅੱਜ ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਈ। ਕਰਨਟਾਕ ਵਿੱਚ ਯਾਤਰਾ ਦਾ ਅੱਜ ਦੂਜਾ ਦਿਨ ਹੈ। ਕਾਂਗਰਸ ਦੇ ਸੂਤਰਾਂ ਮੁਤਾਬਕ ਰਾਹੁਲ ਨੇ ਸਵੇਰੇ 6:30 ਵਜੇ ਯਾਤਰਾ ਸ਼ੁਰੂ ਕਰਨੀ ਸੀ ਪਰ ਮੀਂਹ ਕਾਰਨ ਇਸ ਵਿੱਚ ਲਗਪਗ 45 ਮਿੰਟ ਦੀ ਦੇਰ ਹੋ ਗਈ। ਮੀਂਹ ਰੁਕਣ ਤੋਂ ਬਾਅਦ ਰਾਹੁਲ ਨੇ ਟੋਂਡਾਵਾਦੀ ਗੇਟ ਤੋਂ ਚਾਮਰਾਜਨਗਰ ਜ਼ਿਲ੍ਹੇ ਦੇ ਗੁੰਡਲੂਪੇਟ ਦੇ ਕਾਲਾਲੇ ਗੇਟ ਤੱਕ ਪੈਦਲ ਯਾਤਰਾ ਕੀਤੀ। ਉਨ੍ਹਾਂ ਦੱਸਿਆ ਕਿ ਸੀਨੀਅਰ ਆਗੂ ਅੱਜ 23 ਕਿਲੋਮੀਟਰ ਪੈਦਲ ਯਾਤਰਾ ਕਰਨਗੇ ਅਤੇ ਮੈਸੂਰ ਦੇ ਤਾਂਡਵਪੁਰਾ ਵਿੱਚ ਰਾਤ ਠਹਿਰਨਗੇ। ਇਸ ਮੌਕੇ ਰਾਹੁਲ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ, ਉਨ੍ਹਾਂ ਦੇ ਪੁਤੱਰ ਤੇ ਵਿਧਾਇਕ ਯਤੇਂਦਰਾ ਸਿੱਧਾਰਮਈਆ, ਕਾਂਗਰਸ ਦੇ ਸੂਬਾ ਪ੍ਰਧਾਨ ਡੀ.ਕੇ ਸ਼ਿਵਕੁਮਾਰ, ਐੱਚਸੀ ਮਹਾਦੇਵੱਪਾ, ਐੱਮ.ਬੀ ਪਾਟਿਲ, ਕੇ.ਜੇ ਜੌਰਜ ਅਤੇ ਪ੍ਰਿਯਾਂਕ ਖੜਗੇ ਨੇ ਵੀ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਸਾਬਕਾ ਕਾਂਗਰਸ ਪ੍ਰਧਾਨ ਗੁਆਂਢੀ ਰਾਜ ਤਾਮਿਲਨਾਡੂ ਦੇ ਗੁਡਾਲੂਰ ਤੋਂ ਸ਼ੁੱਕਰਵਾਰ ਸਵੇਰੇ ਕਰਨਾਟਕ ਦੇ ਗੁੰਡਲੂਪੇਟ ਪਹੁੰਚੇ ਸਨ।
ਇਸੇ ਦੌਰਾਨ ਰਾਹੁਲ ਗਾਂਧੀ ਨੇ ਕਰੋਨਾ ਕਾਰਨ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ, “ਤੁਸੀਂ ਉਨ੍ਹਾਂ ਦਾ ਬਣਦਾ ਹੱਕ ਕਿਉਂ ਨਹੀਂ ਦੇ ਰਹੇ।” ਉਨ੍ਹਾਂ ਅੱਜ ‘ਭਾਰਤ ਜੋੜੋ ਯਾਤਰਾ’ ਦੌਰਾਨ ਕਰਨਾਟਕ ਦੇ ਗੁੰਡਲੂਪੇਟ ਵਿੱਚ ਆਕਸੀਜਨ ਦੀ ਘਾਟ ਕਾਰਨ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਦੀ ਵੀਡੀਓ ਸਾਂਝੀ ਕਰਦਿਆਂ ਰਾਹੁਲ ਨੇ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਜੀ, ਪ੍ਰਤੀਕਸ਼ਾ ਨੂੰ ਸੁਣੋ, ਜਿਸ ਨੇ ਕਰੋਨਾ ਕਾਲ ਦੌਰਾਨ ਭਾਜਪਾ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਆਪਣੇ ਪਿਤਾ ਨੂੰ ਗੁਆ ਦਿੱਤਾ ਹੈ।’’ ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ, ‘‘ਕੀ ਕਰੋਨਾ ਪੀੜਤਾਂ ਦੇ ਪਰਿਵਾਰ ਮੁਆਵਜ਼ਾ ਲੈਣ ਦੇ ਹੱਕਦਾਰ ਨਹੀਂ ਹਨ? ਤੁਸੀਂ ਉਨ੍ਹਾਂ ਨੂੰ ਬਣਦਾ ਹੱਕ ਕਿਉਂ ਨਹੀਂ ਦੇ ਰਹੇ?” -ਪੀਟੀਆਈ
ਨਹਿਰੂ ਨੂੰ ‘ਦੇਸ਼ ਵੰਡ ਦਾ ਦਾਦਾ’ ਕਹਿਣ ’ਤੇ ਕਾਂਗਰਸ ਨੇ ਭਾਜਪਾ ਨੂੰ ਘੇਰਿਆ
ਗੁੰਡਲੂਪੇਟ (ਕਰਨਾਟਕ): ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੂੰ ਦੇਸ਼ ਵੰਡ ਦਾ ਦਾਦਾ ਕਹਿਣ ’ਤੇ ਕਾਂਗਰਸ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕੀਤੀ ਹੈ। ਭਾਜਪਾ ਨੇ ਕਰਨਾਟਕ ਦੀਆਂ ਕਈ ਅਖ਼ਬਾਰਾਂ ’ਚ ਇਸ ਸਬੰਧੀ ਇਸ਼ਤਿਹਾਰ ਦਿੱਤੇ ਹਨ। ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦਾ ਕਰਨਾਟਕ ’ਚ ਅੱਜ ਦੂਜਾ ਦਿਨ ਹੈ। ਅਜਿਹੇ ’ਚ ਭਾਜਪਾ ਨੇ ਕੁਝ ਕੰਨੜ ਅਖ਼ਬਾਰਾਂ ’ਚ ਇਸ਼ਤਿਹਾਰ ਦੇ ਕੇ ਕਿਹਾ ਹੈ, ‘ਕੀ ਇਹ ਪੜਪੋਤਾ ਉਸ ਨੂੰ ਇੱਕ ਕਰ ਸਕਦਾ ਹੈ ਜੋ ਭਾਰਤ ਵੰਡ ਦੇ ਦਾਦੇ ਨੇ ਕੀਤਾ?’ ਇਸ ਇਸ਼ਤਿਹਾਰ ’ਚ ਪਾਕਿਸਤਾਨ ਤੇ ਬੰਗਲਾਦੇਸ਼ ਦੇ ਨਕਸ਼ਿਆਂ ਨਾਲ ਨਹਿਰੂ ਤੇ ਰਾਹੁਲ ਦੀਆਂ ਤਸਵੀਰਾਂ ਵੀ ਛਾਪੀਆਂ ਗਈਆਂ ਹਨ। ਕਾਂਗਰਸ ਨੇ ਭਾਜਪਾ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਇਤਿਹਾਸ ਦਾ ਗਲਤ ਪੱਖ ਹੀ ਪੇਸ਼ ਕੀਤਾ ਹੈ। ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ, ‘ਭਾਜਪਾ ਨੇ ਇਸ਼ਤਿਹਾਰ ਦਿੱਤਾ ਹੈ। ਹਿੰਦੂਤਵੀ ਵਿਚਾਰਧਾਰਾ ਨੇ ਹਮੇਸ਼ਾ ਹੀ ਇਤਿਹਾਸ ਦਾ ਗਲਤ ਪੱਖ ਦਿਖਾਇਆ ਹੈ। ਉਨ੍ਹਾਂ (ਭਾਜਪਾ) ਕੋਈ ਇਤਿਹਾਸ ਤਾਂ ਨਹੀਂ ਲਿਖਿਆ ਪਰ ਉਹ ਇਤਿਹਾਸ ਮੁੜ ਲਿਖਣ ਦੀ ਕੋਸ਼ਿਸ਼ ਕਰ ਰਹੇ ਹਨ।’ ਉਨ੍ਹਾਂ ਦੋਸ਼ ਲਾਇਆ ਕਿ ਦੋ ਮੁਲਕਾਂ ਦਾ ਵਿਚਾਰ ਪਹਿਲੀ ਵਾਰ 1937 ਵਿੱਚ ਅਹਿਮਦਾਬਾਦ ’ਚ ਹੋਈ ਹਿੰਦੂ ਮਹਾ ਸਭਾ ਦੀ ਕਨਵੈਨਸ਼ਨ ’ਚ ਲਿਆਂਦਾ ਗਿਆ ਸੀ ਤੇ ਇਸ ਦੀ ਪ੍ਰਧਾਨਗੀ ਹਿੰਦੁਤਵੀ ਵਿਚਾਰਕ ਸਾਵਰਕਰ ਨੇ ਕੀਤੀ ਸੀ। -ਪੀਟੀਆਈ
ਰਾਹੁਲ ਖ਼ਿਲਾਫ਼ ਮਾਣਹਾਨੀ ਮਾਮਲੇ ਵਿੱਚ ਸੁਣਵਾਈ 3 ਦਸੰਬਰ ਤੱਕ ਟਲੀ
ਠਾਣੇ (ਮਹਾਰਾਸ਼ਟਰ): ਠਾਣੇ ਜ਼ਿਲ੍ਹੇ ਵਿੱਚ ਪੈਂਦੇ ਭਿਵੰਡੀ ਦੀ ਇਕ ਅਦਾਲਤ ਨੇ ਅੱਜ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਕਾਰਕੁਨ ਰਾਜੇਸ਼ ਕੁੰਟੇ ਵੱਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਖ਼ਿਲਾਫ਼ ਦਾਇਰ ਮਾਣਹਾਨੀ ਦੇ ਮੁਕੱਦਮੇ ਵਿੱਚ ਸੁਣਵਾਈ 3 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਅਦਾਲਤ ਅਗਲੀ ਤਰੀਕ ’ਤੇ ਮਾਮਲੇ ਵਿੱਚ ਪੇਸ਼ ਹੋਣ ਤੋਂ ਸਥਾਈ ਛੋਟ ਦੇਣ ਦੀ ਬੇਨਤੀ ਸਬੰਧੀ ਗਾਂਧੀ ਦੀ ਅਰਜ਼ੀ ’ਤੇ ਵੀ ਸੁਣਵਾਈ ਕਰੇਗੀ। -ਪੀਟੀਆਈ