ਨਵੀਂ ਦਿੱਲੀ, 16 ਜੂਨ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਥਲ, ਜਲ ਤੇ ਹਵਾਈ ਸੈਨਾ ਵਿਚ ਭਰਤੀ ਲਈ ਕੇਂਦਰ ਦੀ ਨਵੀਂ ਅਗਨੀਪਥ ਯੋਜਨਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਸਬਰ ਦੀ ਅਗਨੀ ਪ੍ਰੀਖਿਆ ਨਹੀਂ ਲੈਣੀ ਚਾਹੀਦੀ। ਉਨ੍ਹਾਂ ਟਵੀਟ ਕੀਤਾ, ‘ਕੋਈ ਰੈਂਕ ਨਹੀਂ, ਕੋਈ ਪੈਨਸ਼ਨ ਨਹੀਂ, 2 ਸਾਲਾਂ ਤੋਂ ਕੋਈ ਸਿੱਧੀ ਭਰਤੀ ਨਹੀਂ, 4 ਸਾਲਾਂ ਬਾਅਦ ਕੋਈ ਸਥਿਰ ਭਵਿੱਖ ਨਹੀਂ, ਫੌਜ ਲਈ ਕੋਈ ਸਰਕਾਰ ਦਾ ਸਨਮਾਨ ਨਹੀਂ। ਦੇਸ਼ ਦੇ ਬੇਰੋਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣੋ, ਉਨ੍ਹਾਂ ਦੇ ਸਬਰ ਦੀ ਅਗਨੀ ਪ੍ਰੀਖਿਆ ਨਾ ਲਵੋ ਪ੍ਰਧਾਨ ਮੰਤਰੀ ਜੀ।’
ਨਵੀਂ ਦਿੱਲੀ: ਅਗਨੀਪਥ ਯੋਜਨਾ ਦੇ ਵੱਖ-ਵੱਖ ਪ੍ਰਬੰਧਾਂ ‘ਤੇ ਸਵਾਲ ਉਠਾਉਂਦੇ ਹੋਏ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਵਿੱਚ ਹੋਰ ਬੇਚੈਨੀ ਵਧੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਪੱਤਰ ਵਿੱਚ ਗਾਂਧੀ ਨੇ ਮੰਗ ਕੀਤੀ ਕਿ ਸਰਕਾਰ ਇਸ ਯੋਜਨਾ ਨਾਲ ਸਬੰਧਤ ਨੀਤੀਗਤ ਤੱਥਾਂ ਨੂੰ ਸਾਹਮਣੇ ਲਿਆਵੇ ਅਤੇ ਆਪਣਾ ਸਟੈਂਡ ਸਪੱਸ਼ਟ ਕਰੇ।
ਲਖਨਊ: ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਦੇਸ਼ ਦੇ ਭਵਿੱਖ ਅਤੇ ਦੇਸ਼ ਦੇ ਨੌਜਵਾਨਾਂ ਲਈ ਘਾਤਕ ਸਾਬਤ ਹੋਵੇਗਾ। ਯਾਦਵ ਨੇ ਟਵੀਟ ਕੀਤਾ, ‘ਦੇਸ਼ ਦੀ ਸੁਰੱਖਿਆ ਥੋੜ੍ਹੇ ਸਮੇਂ ਲਈ ਜਾਂ ਗੈਰ ਰਸਮੀ ਮੁੱਦਾ ਨਹੀਂ ਹੈ, ਇਸ ਲਈ ਬਹੁਤ ਗੰਭੀਰ ਅਤੇ ਲੰਬੇ ਸਮੇਂ ਦੀ ਨੀਤੀ ਦੀ ਲੋੜ ਹੈ। ਫੌਜੀ ਭਰਤੀ ਸਬੰਧੀ ਜੋ ਲਾਪ੍ਰਵਾਹੀ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ, ਉਹ ਦੇਸ਼ ਅਤੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦੀ ਰਾਖੀ ਲਈ ਘਾਤਕ ਸਿੱਧ ਹੋਵੇਗਾ। ‘ਅਗਨੀਪਥ’ ਨਾਲ ਰਾਹ ’ਤੇ ਅੱਗ ਨਾ ਹੋਵੇ।’ ਇਸ ਦੌਰਾਨ ਬਸਪਾ ਸੁਪਰੀਮੋ ਮਾਇਅਵਤੀ ਨੇ ਕਿਹਾ ਕਿ ਕੇਂਦਰ ਦੇ ਨਵੇਂ ਫੈਸਲੇ ਕਾਰਨ ਨੌਜਵਾਨਾਂ ’ਚ ਬੇਚੈਨੀ ਹੈ ਤੇ ਸਰਕਾਰ ਇਸ ’ਤੇ ਗੌਰ ਕਰੇ।