ਨਵੀਂ ਦਿੱਲੀ, 6 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਰਾਫਾਲ ਸੌਦੇ ਦੇ ਸੰਦਰਭ ’ਚ ਮੋਦੀ ਸਰਕਾਰ ’ਤੇ ਵਿਅੰਗ ਕਸਦਿਆਂ ਕਿਹਾ ਕਿ ‘ਇਕ ਵਿਅਕਤੀ ਜੋ ਵੀ ਕਰਦਾ ਹੈ ਉਹ ਉਸ ਦੇ ਕਰਮਾਂ ਦੇ ਖਾਤੇ ਵਿਚ ਜੁੜ ਜਾਂਦਾ ਹੈ, ਕੋਈ ਵੀ ਇਸ ਤੋਂ ਬਚ ਨਹੀਂ ਸਕਦਾ।’ ਜ਼ਿਕਰਯੋਗ ਹੈ ਕਿ ਫਰਾਂਸੀਸੀ ਮੀਡੀਆ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਫਾਲ ਸੌਦੇ ਵਿਚ ਇਕ ‘ਵਿਚੋਲੇ’ ਨੂੰ ਲੱਖਾਂ ਯੂਰੋ ਅਦਾ ਕੀਤੇ ਗਏ ਹਨ। ਇਹ ਪੈਸੇ ਜਹਾਜ਼ ਬਣਾਉਣ ਵਾਲੀ ਕੰਪਨੀ ਨੇ ਅਦਾ ਕੀਤੇ ਹਨ। ਜਦਕਿ ਭਾਜਪਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਤੇ ਇਨ੍ਹਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਗਾਂਧੀ ਪਹਿਲਾਂ ਵੀ ਦੋਸ਼ ਲਾਉਂਦੇ ਰਹੇ ਹਨ ਕਿ ਰਾਫਾਲ ਸੌਦੇ ਵਿਚ ਕਮਿਸ਼ਨ ਅਦਾ ਕੀਤਾ ਗਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਰਾਹੁਲ ਵੱਲੋਂ ਕਾਫ਼ੀ ਦੇਰ ਤੋਂ ਲਾਏ ਜਾ ਰਹੇ ਦੋਸ਼ ਹੁਣ ਸੱਚ ਸਾਬਿਤ ਹੋਣ ਲੱਗੇ ਹਨ। ਦੱਸਣਯੋਗ ਹੈ ਕਿ ਰਾਹੁਲ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਰਾਫਾਲ ਸੌਦੇ ਨੂੰ ਵੱਡੇ ਮੁੱਦੇ ਵਜੋਂ ਉਭਾਰਿਆ ਸੀ। ਇਸੇ ਦੌਰਾਨ ਸੀਪੀਐਮ ਨੇ ਵੀ ਰਾਫਾਲ ਲੜਾਕੂ ਜਹਾਜ਼ ਸੌਦੇ ਦੀ ਜਾਂਚ ਮੰਗੀ ਹੈ। ਸੀਪੀਐਮ ਦੇ ਪੋਲਿਟ ਬਿਊਰੋ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਜਾਂਚ ਕਰਵਾਉਣ ਤੋਂ ਇਨਕਾਰ ਕਰਨਾ ਸ਼ੱਕ ਪੈਦਾ ਕਰਦਾ ਹੈ ਕਿ ਜ਼ਰੂਰ ਕੁਝ ਲੁਕਾਇਆ ਗਿਆ ਹੈ। ‘ਕੈਗ’ ਰਿਪੋਰਟ ਵੀ ਗ਼ੈਰਕਾਨੂੰਨੀ ਅਦਾਇਗੀਆਂ ਵੱਲ ਧਿਆਨ ਨਹੀਂ ਦੇ ਸਕੀ ਹੈ। -ਪੀਟੀਆਈ