ਨਵੀਂ ਦਿੱਲੀ, 9 ਨਵੰਬਰ
ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਮੋਦੀ ਸਰਕਾਰ ਰਾਫਾਲ ਲੜਾਕੂ ਜਹਾਜ਼ ਸੌਦੇ ਵਿਚਲੇ ਭ੍ਰਿਸ਼ਟਾਚਾਰ ਉਤੇ ‘ਪਰਦਾ’ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਨੇ ਇਸ ਮਾਮਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਰਾਹੀਂ ਕਰਵਾਉਣ ਦੀ ਮੰਗ ਕੀਤੀ ਹੈ। ਕਾਂਗਰਸ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਇਕ ਵਿਚੋਲੇ ਕੋਲੋਂ ਸਬੂਤ ਵਜੋਂ ਦਸਤਾਵੇਜ਼ ਮਿਲਣ ਦੇ ਬਾਵਜੂਦ ਵੀ ਜਾਂਚ ਕਿਉਂ ਨਹੀਂ ਕਰਵਾਈ ਗਈ। ਜ਼ਿਕਰਯੋਗ ਹੈ ਕਿ ਫਰਾਂਸੀਸੀ ਪੋਰਟਲ ‘ਮੀਡੀਆਪਾਰਟ’ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਭਾਰਤ ਨਾਲ ਜਹਾਜ਼ਾਂ ਦਾ ਸੌਦਾ ਸਿਰੇ ਚੜ੍ਹਾਉਣ ਲਈ ਨਿਰਮਾਤਾ ਕੰਪਨੀ ਦਾਸੋ ਨੇ ਇਕ ਵਿਚੋਲੇ ਨੂੰ 7.5 ਮਿਲੀਅਨ ਯੂਰੋ ਦੀ ਰਿਸ਼ਵਤ ਦਿੱਤੀ ਸੀ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕਮਿਸ਼ਨ 2007-12 ਦਰਮਿਆਨ ਦਿੱਤਾ ਗਿਆ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਕੌਮੀ ਸੁਰੱਖਿਆ ਦੀ ਬਲੀ ਦਿੱਤੀ ਹੈ, ਭਾਰਤੀ ਹਵਾਈ ਸੈਨਾ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਹੈ ਤੇ ਦੇਸ਼ ਦੇ ਖ਼ਜ਼ਾਨੇ ਨੂੰ ਹਜ਼ਾਰਾਂ ਕਰੋੜ ਦਾ ਚੂਨਾ ਲਾਇਆ ਹੈ। ਫਰਾਂਸੀਸੀ ਜਰਨਲ ਦੀ ਰਿਪੋਰਟ ਵਿਚ ਵਿਚੋਲੇ ਸੁਸ਼ੇਨ ਗੁਪਤਾ ਨੂੰ ਭੁਗਤਾਨ ਕੀਤੇ ਜਾਣ ਬਾਰੇ ਦੱਸਿਆ ਗਿਆ ਹੈ। ਨਵੀਂ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਵਿਚੋਲੇ ਸੁਸ਼ੇਨ ਗੁਪਤਾ ਨੇ ਖ਼ੁਫ਼ੀਆ ਦਸਤਾਵੇਜ਼ਾਂ ਤੱਕ ਪਹੁੰਚ ਬਣਾਈ ਜੋ ਕਿ ਸੌਦੇ ਲਈ ਭਾਰਤ ਵੱਲੋਂ ਗੱਲ ਕਰ ਰਹੀ ਟੀਮ ਨਾਲ ਜੁੜੇ ਹੋਏ ਸਨ। ਇਹ ਸਭ 2015 ਵਿਚ ਹੋਇਆ ਤੇ ਦਸਤਾਵੇਜ਼ ਰੱਖਿਆ ਮੰਤਰਾਲੇ ਕੋਲ ਸਨ। ਇਸ ਦੇ ਬਦਲੇ ਰਿਸ਼ਵਤ ਦਿੱਤੀ ਗਈ। ਦਸਤਾਵੇਜ਼ਾਂ ਵਿਚ ਅਹਿਮ ਜਾਣਕਾਰੀ ਸੀ ਤੇ ਜਹਾਜ਼ਾਂ ਦੀ ਕੀਮਤ ਬਾਰੇ ਵੀ ਵੇਰਵੇ ਸਨ। ਇਸ ਨਾਲ ਦਾਸੋ ਨੂੰ ਫਾਇਦਾ ਹੋਇਆ। ਕਾਂਗਰਸ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਇਸ ਸੌਦੇ ਵਿਚ ਕੀਤੇ ਗਏ ਭ੍ਰਿਸ਼ਟਾਚਾਰ ਤੇ ਮਿਲੀਭੁਗਤ ਦਾ ਇਕ ਵਾਰ ਮੁੜ ਪਰਦਾਫਾਸ਼ ਹੋਇਆ ਹੈ। ਕਾਂਗਰਸ ਆਗੂ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਵਿਰੋਧੀ ਧਿਰ ਇਸ ਮਾਮਲੇ ਦੀ ਜਾਂਚ ਜੇਪੀਸੀ ਕੋਲੋਂ ਚਾਹੁੰਦੀ ਹੈ। ਜੇ ਰਿਸ਼ਵਤ ਦਿੱਤੀ ਗਈ ਹੈ ਤਾਂ ਜਾਂਚ ਹੋਣੀ ਚਾਹੀਦੀ ਹੈ। ਜਾਂਚ ਤੋਂ ਭੱਜਣ ਦਾ ਕੋਈ ਮਤਲਬ ਨਹੀਂ ਹੈ। ਖੇੜਾ ਨੇ ਦੋਸ਼ ਲਾਇਆ ਕਿ 24 ਜੂਨ 2014 ਨੂੰ ਗੁਪਤਾ ਨੇ ਦਾਸੋ ਕੰਪਨੀ ਨੂੰ ਇਕ ਨੋਟ ਭੇਜਿਆ ਜਿਸ ਵਿਚ ‘ਸਿਆਸੀ ਹਾਈ ਕਮਾਨ’ ਨਾਲ ਮੁਲਾਕਾਤ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਮੀਟਿੰਗ ਮੋਦੀ ਸਰਕਾਰ ਦੀ ਹਾਈ ਕਮਾਨ ਨਾਲ ਹੋਈ ਸੀ। ਕਾਂਗਰਸ ਨੇ ਕਿਹਾ ਕਿ ਇਸ ਮਾਮਲੇ ਵਿਚ ਹਰ ਖੁਲਾਸਾ ਤੇ ਗੁੰਝਲਾਂ ਸੁਲਝ ਕੇ ਪ੍ਰਧਾਨ ਮੰਤਰੀ ਦੇ ਦਰਵਾਜ਼ੇ ਤੱਕ ਪਹੁੰਚ ਰਹੀਆਂ ਹਨ। ਇਹ ਕੌਮੀ ਸੁਰੱਖਿਆ ਦਾ ਘਾਣ ਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਘੋਰ ਉਲੰਘਣਾ ਹੈ। ਖੇੜਾ ਨੇ ਸਵਾਲ ਕੀਤੇ ‘ਈਡੀ ਨੇ ਜਾਂਚ ਕਿਉਂ ਨਹੀਂ ਕੀਤੀ? ਮੋਦੀ ਸਰਕਾਰ ਨੇ ਦਾਸੋ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ? ਦਸਤਾਵੇਜ਼ ਲੀਕ ਕਰਨ ਵਾਲਿਆਂ ਖ਼ਿਲਾਫ਼ ਕਦਮ ਕਿਉਂ ਨਹੀਂ ਚੁੱਕੇ ਗਏ? ਕਿਹੜੇ ਚੌਕੀਦਾਰ ਨੇ ਭਾਰਤ ਦੇ ਭੇਤ ਬਾਹਰ ਵੇਚ ਦਿੱਤੇ?’ ਕਾਂਗਰਸ ਬੁਲਾਰੇ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਦੇ ਜੇਪੀਸੀ ਤੋਂ ਇਨਕਾਰ ਨਹੀਂ ਕੀਤਾ। ਅਸੀਂ ਚਾਹੁੰਦੇ ਹਾਂ ਕਿ ਸੱਚ ਬਾਹਰ ਆਵੇ। -ਪੀਟੀਆਈ
‘ਭ੍ਰਿਸ਼ਟ’ ਸਰਕਾਰ ਖ਼ਿਲਾਫ਼ ਡਟੇ ਰਹਿਣ ਪਾਰਟੀ ਆਗੂ ਤੇ ਵਰਕਰ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਆਪਣੇ ਪਾਰਟੀ ਸਹਿਯੋਗੀਆਂ ਨੂੰ ਕਿਹਾ ਕਿ ਉਹ ‘ਭ੍ਰਿਸ਼ਟ’ ਕੇਂਦਰ ਸਰਕਾਰ ਖ਼ਿਲਾਫ਼ ਲੜਨ ਤੋਂ ਨਾ ਡਰਨ, ਨਾ ਪਿੱਛੇ ਹਟਣ ਕਿਉਂਕਿ ਸੱਚ ਹਰ ਕਦਮ ਉਤੇ ਉਨ੍ਹਾਂ ਦੇ ਨਾਲ ਹੈ। ਪਾਰਟੀ ਆਗੂ ਦੀ ਇਹ ਟਿੱਪਣੀ ਫਰਾਂਸੀਸੀ ਖੋਜੀ ਜਰਨਲ ‘ਮੀਡੀਆਪਾਰਟ’ ਦੀ ਉਸ ਰਿਪੋਰਟ ਤੋਂ ਬਾਅਦ ਆਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਨਾਲ ਰਾਫਾਲ ਜਹਾਜ਼ ਸੌਦੇ ਨੂੰ ਸਿਰੇ ਚੜ੍ਹਾਉਣ ਲਈ ਨਿਰਮਾਤਾ ਕੰਪਨੀ ‘ਦਾਸੋ’ ਨੇ ਸਾਢੇ ਸੱਤ ਮਿਲੀਅਨ ਯੂਰੋ ਦੀ ਰਿਸ਼ਵਤ ਇਕ ਵਿਚੋਲੇ ਨੂੰ ਦਿੱਤੀ ਸੀ। ਇਸ ਰਿਪੋਰਟ ਉਤੇ ਹਾਲੇ ਤੱਕ ਰੱਖਿਆ ਮੰਤਰਾਲੇ ਜਾਂ ਦਾਸੋ ਏਵੀਏਸ਼ਨ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ‘ਜਦ ਸੱਚ ਹਰ ਕਦਮ ਉਤੇ ਤੁਹਾਡੇ ਨਾਲ ਹੈ ਤਾਂ ਡਰ ਕਿਸ ਗੱਲ ਦਾ?’ ਉਨ੍ਹਾਂ ਹੈਸ਼ਟੈਗ ‘ਰਾਫਾਲ ਸਕੈਮ’ ਵੀ ਵਰਤਿਆ। ਜ਼ਿਕਰਯੋਗ ਹੈ ਕਿ ਕਾਂਗਰਸ ਲੰਮੇ ਸਮੇਂ ਤੋਂ ਇਸ ਮੁੱਦੇ ਉਤੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੀ ਰਹੀ ਹੈ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ ਹਨ। ਰਾਫਾਲ ਬਣਾਉਣ ਵਾਲੀ ਕੰਪਨੀ ਦਾਸੋ ਤੇ ਭਾਰਤੀ ਰੱਖਿਆ ਮੰਤਰਾਲਾ ਇਸ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਇਨਕਾਰ ਕਰਦਾ ਰਿਹਾ ਹੈ। ਭਾਰਤ ਦਾ ਸੁਪਰੀਮ ਕੋਰਟ ਵੀ ਜਾਂਚ ਦੀ ਇਕ ਅਪੀਲ ਨੂੰ ਖਾਰਜ ਕਰ ਚੁੱਕਾ ਹੈ।
ਰਾਫਾਲ ਸੌਦੇ ਬਾਰੇ ਕੂੜ ਪ੍ਰਚਾਰ ਕਰ ਰਹੀ ਹੈ ਕਾਂਗਰਸ: ਭਾਜਪਾ
ਫਰਾਂਸੀਸੀ ਮੀਡੀਆ ਰਿਪੋਰਟ ਦਾ ਹੀ ਹਵਾਲਾ ਦਿੰਦਿਆਂ ਭਾਜਪਾ ਨੇ ਕਿਹਾ ਕਿ ਕਾਂਗਰਸ ਦਾ ਨਾਂ ਬਦਲ ਕੇ ‘ਆਈ ਨੀਡ ਕਮਿਸ਼ਨ’ (ਆਈਐਨਸੀ) ਕਰ ਦੇਣਾ ਚਾਹੀਦਾ ਹੈ। ਸੱਤਾਧਾਰੀ ਪਾਰਟੀ ਨੇ ਦੋਸ਼ ਲਾਇਆ ਕਿ ਇਹ ਕਾਂਗਰਸ ਦੀ ਤਸੱਲੀ ਨਾ ਹੋਣ ਦਾ ਹੀ ਨਤੀਜਾ ਸੀ ਕਿ ਇਸ ਦੇ ਸੱਤਾ ਵਿਚ ਹੁੰਦਿਆਂ ਰਾਫਾਲ ਸੌਦਾ ਸਿਰੇ ਨਹੀਂ ਚੜ੍ਹਿਆ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਇਸ ਮਾਮਲੇ ਉਤੇ ‘ਝੂਠੀ ਜਾਣਕਾਰੀ ਫੈਲਾ ਕੇ ਗੁਮਰਾਹ ਕਰ ਰਹੇ ਹਨ’।