ਬੰਗਲੁਰੂ: ਸੁਤੰਤਰਤਾ ਸੈਨਾਨੀ ਐੱਚਐੱਸ ਦੋਰੇਸਵਾਮੀ ਦਾ ਬੁੱਧਵਾਰ ਨੂੰ ਇੱਥੇ ਇੱਕ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 103 ਸਾਲਾਂ ਦੇ ਸਨ। ਅੱਠ ਮਈ ਨੂੰ ਕਰੋਨਾ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ। ਉਹ 13 ਮਈ ਨੂੰ ਹਸਪਤਾਲ ਤੋਂ ਘਰ ਆਏ ਸਨ। ਉਨ੍ਹਾਂ ਦਾ ਇੱਕ ਮੁੰਡਾ ਤੇ ਇੱਕ ਧੀ ਸੀ। ਉਨ੍ਹਾਂ ਦੇ ਕਰੀਬੀ ਸ੍ਰੀਮਾਨ ਨਾਗਰਾਜ ਨੇ ਦੱਸਿਆ ਕਿ ਹੁਣੇ-ਹੁਣੇ ਉਨ੍ਹਾਂ ਨੂੰ ਜੈਦੇਵ ਹਸਪਤਾਲ ਤੋਂ ਸੂਚਨਾ ਮਿਲੀ ਹੈ ਕਿ ਡੋਰੇਸਵਾਮੀ ਨਹੀਂ ਰਹੇ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। 10 ਅਪਰੈਲ 1918 ਨੂੰ ਜਨਮੇ ਹਾਰੋਹੱਲੀ ਸ੍ਰੀਨਿਵਾਸੀਆ ਡੋਰੇਸਵਾਮੀ ਨੇ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ ਸੀ। ਉਹ 1943 ਅਤੇ 1944 ਦੌਰਾਨ 14 ਮਹੀਨੇ ਜੇਲ੍ਹ ਵਿੱਚ ਰਹੇ। ਇਸ ਗਾਂਧੀਵਾਦੀ ਆਗੂ ਨੇ ਆਜ਼ਾਦੀ ਮਗਰੋਂ ਤਤਕਾਲੀਨ ਮੈਸੂਰੂ ਮਹਾਰਾਜ ’ਤੇ ਦਬਾਅ ਪਾਉਣ ਲਈ ‘ਮੈਸੂਰੂ ਚੱਲੋ’ ਅੰਦੋਲਨ ਵਿੱਚ ਵੀ ਹਿੱਸਾ ਲਿਆ। ਬੰਗਲੁਰੂ ਦੇ ਸੈਂਟਰਲ ਕਾਲਜ ਦੇ ਵਿਦਿਆਰਥੀ ਦੋਰੇਸਵਾਮੀ ਅਧਿਆਪਨ ਦੇ ਪੇਸ਼ੇ ਵਿੱਚ ਸਨ ਅਤੇ ‘ਪੌਰਾਵਨੀ’ ਅਖ਼ਬਾਰ ਵੀ ਕੱਢਦੇ ਸਨ। ਉਨ੍ਹਾਂ ਤਾਉਮਰ ਅੰਦੋਲਨਾਂ ਵਿੱਚ ਹਿੱਸਾ ਲਿਆ।ਉਨ੍ਹਾਂ ਦੀ ਮੌਤ ’ਤੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਤੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਨੇ ਦੁੱਖ ਪ੍ਰਗਟਾਇਆ ਹੈ। -ਪੀਟੀਆਈ