ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਪਰੈਲ
ਸਮਾਜਿਕ ਕਾਰਕੁਨ ਪ੍ਰੋ. ਮਨਜੀਤ ਸਿੰਘ ਨਾਲ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੰਚ ਕੋਲ ਕੁਝ ਨੌਜਵਾਨਾਂ ਵੱਲੋਂ ਮਾੜਾ ਵਿਵਹਾਰ ਕਰਨ ਦੀ ਹਰ ਪਾਸਿਉਂ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਇਸ ਦੀ ਨਿਖੇਧੀ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਮਨਜੀਤ ਸਿੰਘ ਨੂੰ ਸਿੰਘੂ ਬਾਰਡਰ ’ਤੇ ਦੀਪ ਸਿੱਧੂ ਦੇ ਹਮਾਇਤੀਆਂ ਵੱਲੋਂ ਘੇਰ ਕੇ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗਣ ਵਾਸਤੇ ਦਬਾਅ ਪਾਉਣ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਦੌਰਾਨ ਵੱਖ ਵੱਖ ਵਿਅਕਤੀਆਂ ਅਤੇ ਜਥੇਬੰਦੀਆਂ ਦੇ ਰੋਲ ਬਾਰੇ ਚਰਚਾ ਕਰਨ ਦਾ ਹਰ ਵਿਅਕਤੀ ਤੇ ਸੰਸਥਾ ਨੂੰ ਹੱਕ ਹੈ ਅਤੇ ਇਸ ਹੱਕ ਨੂੰ ਨਾ ਹਕੂਮਤ ਤੇ ਨਾ ਕੋਈ ਹੋਰ ਹਿੱਸਾ ਖੋਹ ਸਕਦਾ ਹੈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਵੱਲੋਂ ਭਾਜਪਾ ਹਕੂਮਤ ਦੀ ਹਮਾਇਤ ਤੇ ਹੱਲਾਸ਼ੇਰੀ ਨਾਲ ਕਿਸਾਨ ਸੰਘਰਸ਼ ਨੂੰ ਲੀਹੋਂ ਲਾਹੁਣ ਦਾ ਯਤਨ ਕੀਤਾ ਗਿਆ ਸੀ ਤੇ ਉਸ ਦੀ ਅਜਿਹੀ ਕਾਰਵਾਈ ਦੀ ਨਿੰਦਾ ਕੀਤੀ ਜਾਣੀ ਵਾਜਬ ਹੈ। ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਦੇ ਅਹਿਮ ਮੈਂਬਰ ਡਾ. ਦਰਸ਼ਨਪਾਲ ਨੇ ਕਿਹਾ ਕਿ ਵਿਚਾਰਾਂ ਦੇ ਵੱਖਰੇਵੇਂ ਹੋ ਸਕਦੇ ਹਨ ਪਰ ਇਸ ਤਰ੍ਹਾਂ ਆਵਾਜ਼ਾਂ ਨਹੀਂ ਦਬਾਈਆਂ ਜਾ ਸਕਦੀਆਂ ਹਨ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੰਤੋਖ ਸਿੰਘ ਸੰਧੂ ਅਤੇ ਨੌਜਵਾਨ ਆਗੂ ਅਮਰਜੀਤ ਸਿੰਘ ਸਹੋਤਾ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।