ਲਖਨਊ, 18 ਨਵੰਬਰ
ਕਾਂਗਰਸ ਦੀ ਜਨਰਲ ਸਕੱਤਰ ਤੇ ਪਾਰਟੀ ਦੀ ਉੱਤਰ ਪ੍ਰਦੇਸ਼ ਇਕਾਈ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਹਾਲ ਹੀ ’ਚ ਆਗਰਾ ਜ਼ਿਲ੍ਹੇ ’ਚ ਪੁਲੀਸ ਹਿਰਾਸਤ ’ਚ ਮਾਰੇ ਗਏ ਇੱਕ ਸਫ਼ਾਈ ਕਰਮੀ ਦੇ ਪਰਿਵਾਰ ਨਾਲ ਲਖਨਊ ’ਚ ਮੁਲਾਕਾਤ ਕੀਤੀ ਤੇ ਰਾਜ ਦੀ ਭਾਜਪਾ ਸਰਕਾਰ ’ਤੇ ਪੀੜਤ ਪਰਿਵਾਰ ਦੀ ਕੋਈ ਮਦਦ ਨਾ ਕਰਨ ਦਾ ਦੋਸ਼ ਲਾਇਆ।
ਸੂਬਾਈ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਅਰੁਣ ਵਾਲਮੀਕਿ ਦੇ ਪਰਿਵਾਰਕ ਮੈਂਬਰਾਂ ਨੂੰ ਪਾਰਟੀ ਦੇ ਹੈਡ ਕੁਆਰਟਰ ’ਤੇ 30 ਲੱਖ ਰੁਪਏ ਦਾ ਚੈੱਕ ਦਿੱਤਾ। ਪ੍ਰਿਯੰਕਾ ਨੇ ਇੱਕ ਟਵੀਟ ’ਚ ਕਿਹਾ, ‘ਅੱਜ ਲਖਨਊ ’ਚ ਪੁਲੀਸ ਹਿਰਾਸਤ ’ਚ ਮਾਰੇ ਗਏ ਅਰੁਣ ਵਾਲਮੀਕਿ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸਰਕਾਰ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਲਈ ਕੁਝ ਨਹੀਂ ਕੀਤਾ। ਇਹ ਸਰਕਾਰ ਪੀੜਤਾਂ ਨੂੰ ਨਿਆ ਦੇਣ ਦੀ ਥਾਂ ਉਨ੍ਹਾਂ ’ਤੇ ਹਮਲੇ ਕਰਦੀ ਹੈ।’ -ਪੀਟੀਆਈ