ਸ੍ਰੀਨਗਰ, 7 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਅਤੇ ਆਜ਼ਾਦੀ ਨਾਲ ਸਾਹ ਲੈ ਰਿਹਾ ਹੈ। ਇਥੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਾਂਗਰਸ ‘ਤੇ ਧਾਰਾ 370 ਨੂੰ ਲੈ ਕੇ ਨਾ ਸਿਰਫ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸਗੋਂ ਪੂਰੇ ਦੇਸ਼ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਪ੍ਰਧਾਨ ਮੰਤਰੀ ਨੇ ਰਮਜ਼ਾਨ ਦੇ ਆਗਾਮੀ ਪਵਿੱਤਰ ਮਹੀਨੇ ਅਤੇ ਮਹਾਸ਼ਿਵਰਾਤਰੀ ਦੇ ਤਿਉਹਾਰ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਬਖ਼ਸ਼ੀ ਸਟੇਡੀਅਮ ‘ਚ ਜਨਸਭਾ ‘ਚ ਕਿਹਾ, ‘ਜੰਮੂ-ਕਸ਼ਮੀਰ ਅੱਜ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਕਿਉਂਕਿ ਉਹ ਖੁੱਲ੍ਹ ਕੇ ਸਾਹ ਲੈ ਰਿਹਾ ਹੈ।’ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਨੇ ਕਿਹਾ ਕਿ ਉਹ ਸ੍ਰੀਨਗਰ ਦੇ ਲੋਕਾਂ ਕੋਲ ਆ ਕੇ ਖੁਸ਼ ਹਨ। ਇਸ ਤੋਂ ਪਹਿਲਾਂ ਸ੍ਰੀ ਮੋਦੀ ‘ਵਿਕਸਤ ਭਾਰਤ, ਵਿਕਸ਼ਿਤ ਜੰਮੂ ਕਸ਼ਮੀਰ’ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਅੱਜ ਸ੍ਰੀਨਗਰ ਪਹੁੰਚੇ। ਉਨ੍ਹਾਂ 6,400 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਅਗਸਤ 2019 ਵਿੱਚ ਧਾਰਾ 370 ਹਟਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਕਸ਼ਮੀਰ ਘਾਟੀ ਦੀ ਇਹ ਪਹਿਲੀ ਫੇਰੀ ਹੈ। ਪ੍ਰਧਾਨ ਮੰਤਰੀ ਇੱਥੇ ਹਵਾਈ ਅੱਡੇ ‘ਤੇ ਉਤਰੇ ਅਤੇ ਫਿਰ ਫੌਜ ਦੇ 15 ਜਾਂ ਚਿਨਾਰ ਕੋਰ ਦੇ ਹੈੱਡਕੁਆਰਟਰ ਬਦਾਮੀਬਾਗ ਛਾਉਣੀ ਲਈ ਉਡਾਣ ਭਰੀ। ਬਦਾਮੀਬਾਗ ਛਾਉਣੀ ਵਿਖੇ ਸ੍ਰੀ ਮੋਦੀ ਜੰਗੀ ਯਾਦਗਾਰ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।