ਨਵੀਂ ਦਿੱਲੀ, 1 ਅਕਤੂਬਰ
ਮੁੱਖ ਅੰਸ਼
- ਏਅਰਟੈੱਲ ਨੇ ਅੱਠ ਸ਼ਹਿਰਾਂ ’ਚ ਸੇਵਾਵਾਂ ਸ਼ੁਰੂ ਕੀਤੀਆਂ
- ਜੀਓ ਇਸੇ ਮਹੀਨੇ ਸ਼ੁਰੂ ਕਰੇਗਾ ਸੇਵਾਵਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਜ਼ ਰਫ਼ਤਾਰ ਵਾਲੀ ਇੰਟਰਨੈੱਟ ਸਹੂਲਤ ਦੇਣ ਵਾਲੀ 5ਜੀ ਸੇਵਾ ਦੀ ਸ਼ੁਰੂਆਤ ਕਰਦਿਆਂ ਸ਼ਨਿਚਰਵਾਰ ਨੂੰ ਕਿਹਾ ਹੈ ਕਿ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਨਾਲ ਦੇਸ਼ ’ਚ ਵਧੇਰੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ। ਦੇਸ਼ ਦੀ ਨੰਬਰ 2 ਕੰਪਨੀ ਭਾਰਤੀ ਏਅਰਟੈੱਲ ਵੱਲੋਂ ਦਿੱਲੀ, ਮੁੰਬਈ, ਵਾਰਾਨਸੀ ਅਤੇ ਬੰਗਲੂਰੂ ਸਮੇਤ ਅੱਠ ਸ਼ਹਿਰਾਂ ’ਚ 5ਜੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਦੇਸ਼ ਦੀ ਮੋਹਰੀ ਕੰਪਨੀ ਰਿਲਾਇੰਸ ਜੀਓ ਵੱਲੋਂ ਇਸੇ ਮਹੀਨੇ ਚਾਰ ਮਹਾਨਗਰਾਂ ’ਚ ਸੇਵਾਵਾਂ ਲਾਂਚ ਕੀਤੀਆਂ ਜਾਣਗੀਆਂ ਜਦਕਿ ਵੋਡਾਫੋਨ ਆਈਡੀਆ ਨੇ ਅਜੇ ਤੱਕ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਥੇ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) 2022 ’ਚ ਸੇਵਾਵਾਂ ਦਾ ਆਗਾਜ਼ ਕਰਦਿਆਂ ਕਿਹਾ ਕਿ ਦੁਨੀਆ ਦੇ ਪੰਜਵੇਂ ਸਭ ਤੋਂ ਵੱਡੇ ਅਰਥਚਾਰੇ ਲਈ ਅੱਜ ਦਾ ਦਿਨ ਖਾਸ ਹੈ। ‘ਅੱਜ 130 ਕਰੋੜ ਭਾਰਤੀਆਂ ਨੂੰ ਦੇਸ਼ ਦੀ ਟੈਲੀਕਾਮ ਇੰਡਸਟਰੀ ਤੋਂ 5ਜੀ ਦੇ ਰੂਪ ’ਚ ਸ਼ਾਨਦਾਰ ਤੋਹਫ਼ਾ ਮਿਲ ਰਿਹਾ ਹੈ। 5ਜੀ ਇਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਅਤੇ ਇਸ ਨਾਲ ਬੇਅੰਤ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੂਰਸੰਚਾਰ ਦੀ 2ਜੀ, 3ਜੀ ਅਤੇ 4ਜੀ ਤਕਨਾਲੋਜੀ ਲਈ ਦੂਜੇ ਮੁਲਕਾਂ ’ਤੇ ਨਿਰਭਰ ਸੀ ਪਰ 5ਜੀ ਸੇਵਾ ਦੇ ਮਾਮਲੇ ’ਚ ਦੇਸ਼ ਨੇ ਇਤਿਹਾਸ ਸਿਰਜ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਡਿਜੀਟਲ ਇੰਡੀਆ ਦਾ ਅਹਿਦ ਚਾਰ ਥੰਮ੍ਹਾਂ-ਉਪਕਰਨ ਦੀ ਲਾਗਤ, ਡਿਜੀਟਲ ਕੁਨੈਕਟੀਵਿਟੀ, ਡੇਟਾ ਲਾਗਤ ਅਤੇ ਡਿਜੀਟਲ ਫਸਟ ਪਹੁੰਚ ਦੇ ਨਜ਼ਰੀਏ ’ਤੇ ਆਧਾਰਿਤ ਸੀ। ਉਨ੍ਹਾਂ ਕਿਹਾ ਕਿ ਇਸ ਪਹੁੰਚ ਕਾਰਨ ਅੱਜ ਦੇਸ਼ ’ਚ ਮੋਬਾਈਲ ਫੋਨ ਬਣਾਉਣ ਵਾਲੇ ਪਲਾਂਟਾਂ ਦੀ ਗਿਣਤੀ 200 ਤੋਂ ਪਾਰ ਹੋ ਗਈ ਹੈ ਜਦਕਿ 2014 ’ਚ ਸਿਰਫ਼ ਦੋ ਪਲਾਂਟ ਸਨ। ਉਨ੍ਹਾਂ ਭਾਰਤ ’ਚ ਡੇਟਾ ਚਾਰਜ ਦੁਨੀਆ ’ਚ ਸਭ ਤੋਂ ਘੱਟ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ 2014 ’ਚ ਇਕ ਜੀਬੀ ਡੇਟਾ ਲਈ 300 ਰੁਪਏ ਖ਼ਰਚ ਕਰਨੇ ਪੈਂਦੇ ਸਨ ਪਰ ਹੁਣ ਉਹੋ ਡੇਟਾ 10 ਰੁਪਏ ’ਚ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਔਸਤਨ 14 ਜੀਬੀ ਡੇਟਾ ਦੀ ਮਾਸਿਕ ਖਪਤ ਕਰਦਾ ਹੈ ਜਿਸ ’ਤੇ ਉਸ ਦੀ ਲਾਗਤ 125-150 ਰੁਪਏ ਤੱਕ ਆਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਹੁਣ ਕਰੋੜਾਂ ਰੁਪਏ ਮੁੱਲ ਦੇ ਮੋਬਾਈਲ ਫੋਨ ਦੀ ਬਰਾਮਦਗੀ ਵੀ ਕਰ ਰਿਹਾ ਹੈ ਜਦਕਿ ਪਹਿਲਾਂ ਇਹ ਦਰਾਮਦ ਕਰਨੇ ਪੈਂਦੇ ਸਨ। ਉਨ੍ਹਾਂ ਡਿਜੀਟਲ ਭੁਗਤਾਨ ’ਚ ਆਈ ਤੇਜ਼ੀ ਦਾ ਵੀ ਜ਼ਿਕਰ ਕੀਤਾ। ਕਾਂਗਰਸ ਦੀ ਅਗਵਾਈ ਹੇਠਲੀ ਪਿਛਲੀ ਯੂਪੀਏ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਸਹੀ ਇਰਾਦੇ ਨਾਲ ਉਠਾਏ ਗਏ ਕਦਮਾਂ ਕਾਰਨ ਅਜਿਹਾ ਸੰਭਵ ਹੋ ਸਕਿਆ ਹੈ। ਪ੍ਰਧਾਨ ਮੰਤਰੀ ਨੇ 2ਜੀ ਸਪੈਕਟਰਮ ਵੰਡ ਘੁਟਾਲੇ ਦੇ ਹਵਾਲੇ ਨਾਲ ਕਿਹਾ,‘‘2ਜੀ ਦੀ ਨੀਅਤ ਅਤੇ 5ਜੀ ਦੀ ਨੀਅਤ ’ਚ ਇਹੋ ਫਰਕ ਹੈ।’’ ਇਸ ਮੌਕੇ 5ਜੀ ਸੇਵਾਵਾਂ ਦੇਣ ਵਾਲੀਆਂ ਤਿੰਨੋਂ ਟੈਲੀਕਾਮ ਕੰਪਨੀਆਂ ਨੇ ਭਾਰਤ ’ਚ ਤਕਨਾਲੋਜੀ ਦੇ ਸੰਭਾਵਿਤ ਫਾਇਦਿਆਂ ਬਾਰੇ ਪੇਸ਼ਕਾਰੀ ਵੀ ਦਿੱਤੀ। ਰਿਲਾਇੰਸ ਜੀਓ ਨੇ ਮੁੰਬਈ ਦੇ ਇਕ ਸਕੂਲ ਅਧਿਆਪਕ ਦਾ ਮਹਾਰਾਸ਼ਟਰ, ਗੁਜਰਾਤ ਅਤੇ ਉੜੀਸਾ ਦੇ ਵਿਦਿਆਰਥੀਆਂ ਨਾਲ 5ਜੀ ਤਕਨੀਕ ਦੀ ਸਹਾਇਤਾ ਨਾਲ ਸੰਪਰਕ ਸਥਾਪਿਤ ਕਰਵਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਕੂਲੀ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਪੜ੍ਹਾਈ ’ਚ ਤਕਨਾਲੋਜੀ ਦੇ ਸਹਿਯੋਗ ਬਾਰੇ ਕੁਝ ਸਵਾਲ ਵੀ ਪੁੱਛੇ। ਵੋਡਾਫੋਨ ਆਈਡੀਆ ਨੇ ਦਿੱਲੀ ਮੈਟਰੋ ਦੀ ਇਕ ਉਸਾਰੀ ਅਧੀਨ ਸੁਰੰਗ ’ਚ ਕੰਮ ਕਰ ਰਹੇ ਮਜ਼ਦੂਰਾਂ ਦੀ ਸੁਰੱਖਿਆ ਵਧਾਉਣ ’ਚ 5ਜੀ ਦੇ ਲਾਭ ਨੂੰ ਪ੍ਰਦਰਸ਼ਿਤ ਕੀਤਾ। ਉਧਰ ਏਅਰਟੈੱਲ ਨੇ ਯੂਪੀ ਦੀ ਲੜਕੀ ਨੂੰ ਵਰਚੁਅਲ ਰਿਐਲਟੀ ਦੀ ਸਹਾਇਤਾ ਨਾਲ ਸੋਲਰ ਪ੍ਰਣਾਲੀ ਬਾਰੇ ਸਿੱਖਣ ’ਚ 5ਜੀ ਤਕਨਾਲੋਜੀ ਰਾਹੀਂ ਮਿਲਣ ਵਾਲੀ ਮਦਦ ਨੂੰ ਪ੍ਰਦਰਸ਼ਿਤ ਕੀਤਾ। ਇਸ ਦੌਰਾਨ ਟੈਲੀਕਾਮ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ, ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ, ਭਾਰਤੀ ਏਅਰਟੈੱਲ ਦੇ ਸੁਨੀਲ ਭਾਰਤੀ ਮਿੱਤਲ ਅਤੇ ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਵੀ ਸੰਬੋਧਨ ਕੀਤਾ। -ਪੀਟੀਆਈ
ਰਾਸ਼ਟਰਪਤੀ ਵੱਲੋਂ ਸਥਾਪਤ ਸਕੂਲ ਦੇ ਬੱਚਿਆਂ ਨੇ ਵੀ ਸਮਾਗਮ ’ਚ ਕੀਤੀ ਸ਼ਿਰਕਤ
ਭੁਬਨੇਸ਼ਵਰ: ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸਥਾਪਤ ਸਕੂਲ ਦੇ ਕਰੀਬ 100 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ 5ਜੀ ਸੇਵਾਵਾਂ ਦੀ ਲਾਂਚਿੰਗ ਸਮੇਂ ਹੋਏ ਸਮਾਗਮ ਦੌਰਾਨ ਡਿਜੀਟਲੀ ਸ਼ਿਰਕਤ ਕੀਤੀ। ਮਯੂਰਭੰਜ ਜ਼ਿਲ੍ਹੇ ਦੇ ਪਿੰਡ ਪਹਾੜਪੁਰ ਸਥਿਤ ਐੱਸ ਐੱਲ ਐੱਸ ਰੈਜ਼ੀਡੈਂਸ਼ੀਅਲ ਸਕੂਲ ਉੜੀਸਾ ਦਾ ਪਹਿਲਾ ਸਕੂਲ ਬਣ ਗਿਆ ਹੈ ਜਿਸ ਨੇ ਜੀਓ ਟਰੂ 5ਜੀ ਨੈੱਟਵਰਕ ਰਾਹੀਂ ਪ੍ਰੋਗਰਾਮ ’ਚ ਸ਼ਮੂਲੀਅਤ ਕੀਤੀ। ਪਹਾੜਪੁਰ ਉੜੀਸਾ ਦੀ ਰਾਜਧਾਨੀ ਭੁਬਨੇਸ਼ਵਰ ਤੋਂ 340 ਕਿਲੋਮੀਟਰ ਦੂਰ ਪੈਂਦਾ ਹੈ। ਸ੍ਰੀਮਤੀ ਮੁਰਮੂ ਵੱਲੋਂ ਆਪਣੇ ਪਤੀ ਅਤੇ ਦੋ ਪੁੱਤਰਾਂ ਦੀ ਯਾਦ ’ਚ ਸ਼ੁਰੂ ਕੀਤੇ ਗਏ ਸਕੂਲ ’ਚ ਸਥਾਨਕ ਲੋਕ ਵੀ ਜੁੜੇ ਹੋਏ ਸਨ। ਅਧਿਕਾਰੀਆਂ ਨੇ ਸਕੂਲ ਕੈਂਪਸ ’ਚ ਸਿੱਧੇ ਪ੍ਰਸਾਰਣ ਲਈ ਆਰਜ਼ੀ ਟਾਵਰ ਵੀ ਲਗਾਇਆ ਸੀ। -ਪੀਟੀਆਈ
5ਜੀ ਮੇਕਓਵਰ ਦਾ ਨਵੇਂ ਅਤੇ ਮੌਜੂਦਾ ਗਾਹਕਾਂ ਲਈ ਅਰਥ
ਨਵੀਂ ਦਿੱਲੀ (ਸੰਦੀਪ ਦੀਕਸ਼ਿਤ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਇਥੋਂ ਦੇ ਪ੍ਰਗਤੀ ਮੈਦਾਨ ਵਿੱਚ 6ਵੀਂ ਇੰਡੀਆ ਮੋਬਾਈਲ ਕਾਂਗਰਸ ਵਿੱਚ ਦੇਸ਼ ਵਿੱਚ 5ਜੀ ਟੈਲੀਫੋਨੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਇਹ ਸੇਵਾਵਾਂ ਅਗਲੇ ਕੁਝ ਸਾਲਾਂ ਵਿੱਚ ਹੌਲੀ-ਹੌਲੀ ਪੂਰੇ ਦੇਸ਼ ਨੂੰ ਕਵਰ ਕਰਨਗੀਆਂ। 3ਜੀ ਅਤੇ 4ਜੀ ਦੇ ਮੁਕਾਬਲੇ ਵਿੱਚ ਪੰਜਵੀਂ ਪੀੜ੍ਹੀ ਦਾ ਮੋਬਾਈਲ ਨੈੱਟਵਰਕ 4ਜੀ ਨਾਲੋਂ ਲਗਭਗ 10 ਗੁਣਾ ਤੇਜ਼ ਹੋਵੇਗਾ ਅਤੇ ਘੱਟ ਦੇਰੀ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਡੇਟਾ ਸੁਨੇਹਿਆਂ ਨੂੰ ਪ੍ਰੋਸੈੱਸ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਨਾਲ ਮਾਈਨਿੰਗ, ਵੇਅਰਹਾਊਸਿੰਗ, ਟੈਲੀਮੈਡੀਸਿਨ ਅਤੇ ਨਿਰਮਾਣ ਵਰਗੇ ਖੇਤਰਾਂ ਨੂੰ ਲਾਭ ਹੋਵੇਗਾ। ਉਂਜ ਮੋਬਾਈਲ ਖਪਤਕਾਰਾਂ ਲਈ ਇਹ ਖ਼ਬਰ ਦੋ ਚਿੰਤਾਵਾਂ ਲੈ ਕੇ ਆਵੇਗੀ। ਅਮਰੀਕਾ ਦੇ ਰੁਝਾਨ ਮੁਤਾਬਕ ਜੇ ਤੁਹਾਡਾ ਮੋਬਾਈਲ ਫੋਨ ਕੁਝ ਸਾਲਾਂ ਤੋਂ ਵੱਧ ਪੁਰਾਣਾ ਹੈ, ਤਾਂ ਇਸ ਨੂੰ ਅਪਗ੍ਰੇਡ ਕਰਨਾ ਪਏਗਾ। ਦੇਸ਼ ਵਿੱਚ ਮੋਬਾਈਲ ਕੈਰੀਅਰਾਂ ਨੂੰ ਆਪਣੇ 3ਜੀ ਨੈੱਟਵਰਕ ਬੰਦ ਕਰਨੇ ਪੈਣਗੇ, ਜੋ ਪੁਰਾਣੀ ਤਕਨੀਕ ’ਤੇ ਨਿਰਭਰ ਹਨ। ਨਤੀਜੇ ਵਜੋਂ, ਬਹੁਤ ਸਾਰੇ ਪੁਰਾਣੇ ਸੈੱਲਫੋਨ, ਕਾਲਾਂ ਅਤੇ ਟੈਕਸਟ ਪ੍ਰਾਪਤ ਕਰਨ ਜਾਂ ਡੇਟਾ ਸੇਵਾਵਾਂ ਦੀ ਵਰਤੋਂ ਕਰਨ ਦੇ ਅਸਮਰੱਥ ਹੋਣਗੇ। ਉਂਜ ਮੌਜੂਦਾ ਗਾਹਕਾਂ ਨੂੰ ਬਹੁਤ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ। ਪ੍ਰਾਪਰਟੀ ਡੀਲਰ ਅਤੇ ਕਰਜ਼ੇ ਦੇਣ ਵਾਲੇ ਕਾਲਰ ਜਲਦੀ ਹੀ ਦੂਰਸੰਚਾਰ ਸਰਕਲਾਂ ਵਿੱਚ ਸਾਫਟਵੇਅਰ ਅੱਪਗਰੇਡ ਦੀ ਪੇਸ਼ਕਸ਼ ਕਰਨਗੇ ਜਿੱਥੇ 3ਜੀ ਫੋਨ ਹੀ ਕੰਮ ਕਰ ਰਹੇ ਹਨ। ਹਾਲਾਂਕਿ, ਉਹ 2ਜੀ ਦੇ ਉਪਭੋਗਤਾਵਾਂ ਨੂੰ ਜ਼ਿਆਦਾ ਸਹਾਇਤਾ ਦੀ ਪੇਸ਼ਕਸ਼ ਕਰਨ ਦੇ ਯੋਗ ਨਹੀਂ ਹੋਣਗੇ, ਕਿਉਂਕਿ ਇਹ ਸਹੂਲਤ ਸਿਰਫ ਬੀਐੱਸਐੱਨਐੱਲ ਵੱਲੋਂ ਪੇਸ਼ ਕੀਤੀ ਜਾਂਦੀ ਹੈ। ਲੋਕਾਂ ਨੂੰ ਨਵਾਂ ਫੋਨ ਖਰੀਦਣਾ ਹੀ ਪਵੇਗਾ। ਦੂਜੀ ਚਿੰਤਾ ਵਾਲੀ ਗੱਲ ਕਿਫ਼ਾਇਤ ਦੀ ਹੋਵੇਗੀ। ਟੈਲੀਕਾਮ ਸਰਵਿਸ ਪ੍ਰੋਵਾਈਡਰਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਨੈੱਟਵਰਕ ਨੂੰ ਸੰਘਣਾ ਕਰਨਾ ਪਵੇਗਾ। ਇਸ ਕੰਮ ਲਈ ਇੱਕ ਮਹੱਤਵਪੂਰਨ ਪਹਿਲੂ ਜੋ ਅਪਰੇਟਰ ਦੀ ਲਾਗਤ ਵਿੱਚ ਵਾਧਾ ਕਰੇਗਾ, ਉਹ ਹੈ ‘ਸਟਰੀਟ ਫਰਨੀਚਰ’ ਯਾਨੀ ਬਿਜਲੀ ਦੇ ਖੰਭਿਆਂ ਨੂੰ ਕਿਰਾਏ ’ਤੇ ਦੇਣਾ। ਵੋਡਾਫੋਨ ਆਈਡੀਆ ਅਤੇ ਏਅਰਟੈੱਲ ਸਟਰੀਟ ਫਰਨੀਚਰ ਫੀਸ ਨੂੰ ਮੌਜੂਦਾ 1,000 ਰੁਪਏ ਨੂੰ ਖਤਮ ਕਰਨ ਜਾਂ ਘਟਾਉਣ ਲਈ ਦਬਾਅ ਬਣਾ ਰਹੇ ਹਨ।