ਨਵੀਂ ਦਿੱਲੀ, 24 ਜੂਨ
ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਰਾਸ਼ਟਰਸਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਰਤੀ ਜਨਤਾ ਪਾਰਟੀ ਦੇ ਕਈ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਭਵਨ ਕੰਪਲੈਕਸ ਸਥਿਤ ਰਾਜ ਸਭਾ ਦੇ ਜਨਰਲ ਸਕੱਤਰ ਦਫ਼ਤਰ ਵਿੱਚ ਨਾਮਜ਼ਦਗੀ ਸਬੰਧੀ ਦਸਤਾਵੇਜ਼ ਰਿਟਰਨਿੰਗ ਅਧਿਕਾਰੀ ਪੀ.ਸੀ. ਮੋਦੀ ਨੂੰ ਸੌਂਪੇ। ਰਾਸ਼ਟਰਪਤੀ ਚੋਣਾਂ 18 ਜੁਲਾਈ ਨੂੰ ਹੋਣੀਆਂ ਹਨ। ਨਾਮਜ਼ਦਗੀ ਦਾਖ਼ਲ ਕਰਨ ਦੌਰਾਨ ਮੁਰਮੂ ਦੇ ਨਾਲ ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ ਅਤੇ ਪਿਊਸ਼ ਗੋਇਲ, ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅਤੇ ਯੋਗੀ ਆਦਿੱਤਿਆਨਾਥ, ਸ਼ਿਵਰਾਜ ਸਿੰਘ ਚੌਹਾਨ, ਮਨੋਹਰ ਲਾਲ ਖੱਟਰ, ਬੀ.ਐੱਸ. ਬੋਮਈ, ਭੁਪੇਂਦਰ ਪਟੇਲ, ਹਿਮੰਤਾ ਬਿਸਵਾ ਸਰਮਾ, ਪੁਸ਼ਕਰ ਸਿੰਘ ਧਾਮੀ, ਪ੍ਰਮੋਦ ਸਾਵੰਤ ਅਤੇ ਐੱਨ ਬਿਰੇਨ ਸਿੰਘ ਸਣੇ ਕਈ ਮੁੱਖ ਮੰਤਰੀ ਹਾਜ਼ਰ ਸਨ। ਐੱਨਡੀਏ ਦੇ ਆਗੂਆਂ ਤੋਂ ਇਲਾਵਾ ਵਾਈਐੱਸਆਰ ਕਾਂਗਰਸ ਦੇ ਵਿਜੈਸਾਈ ਰੈੱਡੀ, ਉੜੀਸਾ ਦੀ ਬੀਜੂ ਜਨਤਾ ਦਲ ਸਰਕਾਰ ਦੇ ਦੋ ਮੰਤਰੀ ਤੇ ਉਸ ਦੇ ਆਗੂ ਸਸਮਿਤ ਪਾਤਰਾ, ਅੰਨਾ ਡੀਐੱਮਕੇ ਦੇ ਆਗੂ ਓ ਪਨੀਰਸੇਲਵਮ ਤੇ ਐੱਮ ਥੰਬੀਦੁਰਈ ਅਤੇ ਜਨਤਾ ਦਲ (ਯੂਨਾਈਟਿਡ) ਦੇ ਰਾਜੀਵ ਰੰਜਨ ਸਿੰਘ ਵੀ ਮੌਜੂਦ ਸਨ।
ਰਾਸ਼ਟਰਪਤੀ ਦੇ ਅਹੁਦੇ ਦੀ ਨਾਮਜ਼ਦਗੀ ਲਈ ਹਰੇਕ ਸੈੱਟ ਵਿੱਚ ਚੁਣੇ ਹੋਏ ਪ੍ਰਤੀਨਿਧਾਂ ਵਿੱਚੋਂ 50 ਪ੍ਰਸਤਾਵਕ ਅਤੇ 50 ਸੈਕੰਡਰਜ਼ ਹੋਣੇ ਚਾਹੀਦੇ ਹਨ। ਜੇਕਰ ਮੁਰਮੂ ਇਹ ਚੋਣ ਜਿੱਤ ਜਾਂਦੀ ਹੈ ਤਾਂ ਉਹ ਦੇਸ਼ ਦੀ ਪਹਿਲੀ ਕਬਾਇਲੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਹੋਵੇਗੀ। ਉਹ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਰਾਸ਼ਟਰਪਤੀ ਹੋਵੇਗੀ। ਮੁਰਮੂ ਤੋਂ ਪਹਿਲਾਂ ਐੱਨ ਸੰਜੀਵ ਰੈੱਡੀ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਰਾਸ਼ਟਰਪਤੀ ਬਣੇ ਸਨ। ਜਿਸ ਵੇਲੇ ਉਹ ਰਾਸ਼ਟਰਪਤੀ ਬਣੇ ਸਨ ਉਹ ਮੁਰਮੂ ਨਾਲੋਂ ਕੁਝ ਕੁ ਦਿਨ ਵੱਡੇ ਸਨ। -ਪੀਟੀਆਈ
ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ‘ਜ਼ੈੱਡ’ ਸੁਰੱਖਿਆ ਦਿੱਤੀ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੇ ਕਮਾਂਡੋਜ਼ ਵਾਲੀ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸੀਆਰਪੀਐੱਫ ਦੀ ਵੀਆਈਪੀ ਸੁਰੱਖਿਆ ਸ਼ਾਖਾ ਨੂੰ ਸਿਨਹਾ (84) ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਮਿਲਣ ਤੋਂ ਬਾਅਦ ਦਸਤੇ ਨੇ ਸਿਨਹਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸਿਨਹਾ ਜਦੋਂ ਵੀ ਦੇਸ਼ ਵਿੱਚ ਕਿਤੇ ਆਉਣ-ਜਾਣਗੇ, ਅੱਠ ਤੋਂ ਦਸ ਹਥਿਆਰਬੰਦ ਜਵਾਨ ਉਨ੍ਹਾਂ ਦੀ ਸੁਰੱਖਿਆ ਕਰਨਗੇ। ਜ਼ਿਕਰਯੋਗ ਹੈ ਕਿ ਐੱਨਡੀਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਨੂੰ ਵੀ ਜ਼ੈੱਡ-ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਸਿਨਹਾ ਵੱਲੋਂ 27 ਜੂਨ ਨੂੰ ਨਾਮਜ਼ਦਗੀ ਦਾਖ਼ਲ ਕੀਤੇ ਜਾਣ ਦੀ ਆਸ ਹੈ। -ਪੀਟੀਆਈ
ਮੁਰਮੂ ਨੇ ਸੋਨੀਆ, ਮਮਤਾ ਤੇ ਪਵਾਰ ਨਾਲ ਗੱਲ ਕਰ ਕੇ ਸਮਰਥਨ ਦੀ ਅਪੀਲ ਕੀਤੀ
ਨਵੀਂ ਦਿੱਲੀ: ਐੱਨਡੀਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨਾਲ ਫੋਨ ’ਤੇ ਗੱਲ ਕੀਤੀ ਅਤੇ ਉਨ੍ਹਾਂ ਕੋਲੋਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਉਦੀਦਵਾਰੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਸੂਤਰਾਂ ਅਨੁਸਾਰ ਮੁਰਮੂ ਨੇ ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਖੁ਼ਦ ਤਿੰਨੋਂ ਆਗੂਆਂ ਨਾਲ ਗੱਲ ਕੀਤੀ। ਸੂਤਰਾਂ ਮੁਤਾਬਕ ਸੋਨੀਆ, ਮਮਤਾ ਤੇ ਪਵਾਰ ਨੇ ਮੁਰਮੂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। -ਪੀਟੀਆਈ