ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਕਾਬੁਲ ਤੋਂ 46 ਅਫ਼ਗਾਨ ਸਿੱਖਾਂ ਤੇ ਹਿੰਦੂਆਂ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਾਵਨ ਸਰੂਪਾਂ ਨੂੰ ਪੂਰੇ ਆਦਰ-ਸਤਿਕਾਰ ਨਾਲ ਭਾਰਤ ਲਿਆਂਦਾ ਜਾ ਰਿਹਾ ਹੈ। ਇਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਦੇ ਜਹਾਜ਼ ਵਿਚ ਲਿਆਂਦਾ ਜਾ ਰਿਹਾ ਹੈ। ਕੁੱਲ 75 ਲੋਕ ਭਾਰਤ ਆਉਣਗੇ ਜਿਨ੍ਹਾਂ ਵਿਚ 46 ਅਫ਼ਗਾਨ ਸਿੱਖ ਤੇ ਹਿੰਦੂ ਹਨ। ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਭਾਰਤ ਸਰਕਾਰ ਦਾ ਇਸ ਲਈ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਅਫ਼ਗਾਨਿਸਤਾਨ ਵਿਚ ਫ਼ਸੇ ਭਾਰਤੀਆਂ ਤੇ ਹੋਰਾਂ ਨੂੰ ਕਈ ਉਡਾਣਾਂ ਰਾਹੀਂ ਭਾਰਤ ਲਿਆਂਦਾ ਜਾ ਰਿਹਾ ਹੈ। ਸਿਰਸਾ ਨੇ ਕਿਹਾ ਕਿ ਗੁਰੂ ਸਾਹਿਬ ਦੇ ਸਰੂਪਾਂ ਨਾਲ ਕੋਈ ਅਣਹੋਣੀ ਵੀ ਵਾਪਰ ਸਕਦੀ ਸੀ ਪਰ ਹੁਣ ਇਨ੍ਹਾਂ ਨੂੰ ਸੁਰੱਖਿਅਤ ਦੇਸ਼ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਵਿਚ ਘੱਟ ਗਿਣਤੀ 46 ਹਿੰਦੂ ਤੇ ਸਿੱਖ ਕਾਬੁਲ ਸਥਿਤ ਕਰਤਾ ਪਰਵਾਨ ਗੁਰਦੁਆਰੇ ਵਿਚ ਸ਼ਰਨ ਲੈ ਕੇ ਰੁਕੇ ਹੋਏ ਸਨ। ਜਾਨ ਨੂੰ ਖ਼ਤਰਾ ਦੱਸਦਿਆਂ ਉਨ੍ਹਾਂ ਭਾਰਤ ਆਉਣ ਦੀ ਇੱਛਾ ਜਤਾਈ ਸੀ ਤੇ ਇਨ੍ਹਾਂ ਨੂੰ ਲਿਆਉਣ ਦੇ ਪ੍ਰਬੰਧ ਕੀਤੇ ਗਏ। ਕਰੀਬ 200 ਹੋਰ ਅਫ਼ਗਾਨ ਸਿੱਖ ਤੇ ਹਿੰਦੂ ਅਜੇ ਵੀ ਅਫ਼ਗਾਨਿਸਤਾਨ ਵਿਚ ਹਨ। ਗੁਰਦੁਆਰੇ ਤੋਂ ਹਵਾਈ ਅੱਡਾ 10 ਕਿਲੋਮੀਟਰ ਦੂਰ ਹੈ ਤੇ ਕਈ ਨਾਕਿਆਂ ਵਿਚੋਂ ਲੰਘਣਾ ਚੁਣੌਤੀ ਬਣਿਆ ਹੋਇਆ ਹੈ। 100 ਹੋਰ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਨੂੰ ਵੀ ਜਲਦੀ ਭਾਰਤ ਲਿਆਂਦਾ ਜਾਵੇਗਾ।