ਬੀ ਐਸ ਚਾਨਾਸ੍ਰੀ
ਆਨੰਦਪੁਰ ਸਾਹਿਬ, 7 ਦਸੰਬਰ
ਇਕ ਸਦੀ ਪਹਿਲਾਂ ਸੰਘਰਸ਼ਾਂ ’ਚੋਂ ਨਿਕਲ ਕੇ ਹੋਂਦ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਹੀ ਨਹੀਂ ਬਲਕਿ ਦੇਸ਼ ਦੀ ਕਿਸਾਨੀ ਦੇ ਨਾਲ ਗੂੜ੍ਹਾ ਰਿਸ਼ਤਾ ਹੈ ਇਹੀ ਕਾਰਨ ਹੈ ਕਿ ਕਿਸਾਨੀ ਖ਼ਾਤਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹਿੰਦਾ ਹੈੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਉੱਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਅਰਦਾਸ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੇ ਸਮਾਗਮ ’ਚ ਸ਼ਿਰਕਤ ਕਰਨ ਪਹੁੰਚੇ ਪਾਰਟੀ ਦੇ ਮੁੱਖ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ ।
ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁਲਕ ਦੀ ਇਕੱਲੀ ਅਜਿਹੀ ਪਾਰਟੀ ਹੈ ਜੋ ਕਿਸਾਨਾਂ ਦੀ ਮਾਂ ਪਾਰਟੀ ਹੈ ਤੇ ਕਿਸਾਨੀ ਸੰਘਰਸ਼ਾਂ ’ਚੋਂ ਉਪਜੀ ਹੋਈ ਪਾਰਟੀ ਹੈ। ਇਹੀ ਕਾਰਨ ਹੈ ਕਿ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਦੇਸ਼ ਦੇ ਸਭ ਤੋਂ ਵੱਡੇ ਕਿਸਾਨ ਆਗੂ ਵਜੋਂ ਜਾਣਿਆ ਜਾਂਦਾ ਹੈ। ਅੱਜ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਬਜ਼ਿਦ ਹੈ ਤੇ ਦੇਸ਼ ਦੀ ਕਿਸਾਨੀ ਨੂੰ ਅਣਗੌਲਿਆਂ ਕਰ ਰਹੀ ਹੈ ਜੋ ਬਹੁਤ ਹੀ ਮੰਦਭਾਗਾ ਹੈ। ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰੀ ਕੈਬਨਿਟ ’ਚੋਂ ਅਸਤੀਫ਼ਾ ਦਿੱਤਾ ਤੇ ਐਨਡੀਏ ਤੋਂ ਨਾਤਾ ਤੋੜਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਕਿਸਾਨੀ ਸੰਘਰਸ਼ ਲਈ ਹਰ ਸੰਭਵ ਕੁਰਬਾਨੀ ਦੇਣ ਲਈ ਯਤਨਸ਼ੀਲ ਹੈ। ਇਹੀ ਕਾਰਨ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸਭ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਦਿੱਤਾ ਸਨਮਾਨ ਵਾਪਸ ਕਰ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕੀ ਕਿਸਾਨ ਨਾਲੋਂ ਵਧ ਕੇ ਉਨ੍ਹਾਂ ਲਈ ਹੋਰ ਕੁਝ ਵੀ ਨਹੀਂ ਹੈ।ਡਾ.ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੱਠ ਦਸੰਬਰ ਨੂੰ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇਗਾ।