ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 15 ਫਰਵਰੀ
ਸਿਆਸਤਦਾਨਾਂ, ਅਦਾਕਾਰਾਂ, ਅਕਾਦਮਨਸ਼ੀਨਾਂ, ਕਾਰਕੁਨਾਂ ਅਤੇ ਆਲਮੀ ਪੱਧਰ ਦੀਆਂ ਹਸਤੀਆਂ 21 ਸਾਲਾ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੇ ਹੱਕ ਵਿੱਚ ਨਿੱਤਰ ਆਈਆਂ ਹਨ। ਦਿੱਲੀ ਪੁਲੀਸ ਵੱਲੋਂ ਦਿਸ਼ਾ ਰਵੀ ਨੂੰ ਕਿਸਾਨ ਅੰਦੋਲਨ ਸਬੰਧੀ ਟੂਲਕਿਟ ਤਿਆਰ ਕਰ ਕੇ ਆਲਮੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਨੂੰ ਭੇਜਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਵਿਤਰੀ ਰੂਪੀ ਕੌਰ ਅਤੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਅਤੇ ਵਕੀਲ ਮੀਨਾ ਹੈਰਿਸ ਵੀ ਰਵੀ ਦੀ ਗ੍ਰਿਫ਼ਤਾਰੀ ਖ਼ਿਲਾਫ਼ ਖੁੱਲ੍ਹ ਕੇ ਬੋਲੀਆਂ ਹਨ।
ਅਦਾਕਾਰ ਸਿਧਾਰਥ ਨੇ ਟਵੀਟ ਵਿੱਚ ਕਿਹਾ ਕਿ ਉਹ ਬਿਨਾਂ ਸ਼ਰਤ ਦਿਸ਼ਾ ਰਵੀ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੀ ਹਮਾਇਤ ਕਰਦੇ ਹਨ। ਬੌਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵੀ ਰਵੀ ਦੀ ਹਮਾਇਤ ਕੀਤੀ ਹੈ।
ਆਲ ਇੰਡੀਆ ਪ੍ਰੋਗਰੈਸਿਵ ਵਿਮੈਨਜ਼ ਐਸੋਸੀਏਸ਼ਨ ਦੀ ਸਕੱਤਰ ਕਵਿਤਾ ਕ੍ਰਿਸ਼ਨਨ ਨੇ ਕਿਹਾ ਕਿ ਰਵੀ ਵਰਗੇ ਲੋਕ ਭਾਰਤ ਦੀ ਬਿਹਤਰੀਨ ਉਮੀਦ ਹਨ ਕਿਉਂਕਿ ਉਹ ਆਪਣੇ ਬਾਰੇ ਹੀ ਨਹੀਂ ਪੀੜ੍ਹੀ ਦੇ ਭਵਿੱਖ ਬਾਰੇ ਵੀ ਚਿੰਤਤ ਹਨ। ਉਨ੍ਹਾਂ ਕਿਹਾ, ‘‘ਅਸੀਂ ਇਸ ਸਮੇਂ ਜਮਹੂਰੀਅਤ ਵਾਂਗ ਵਿਵਹਾਰ ਨਹੀਂ ਕਰ ਰਹੇ। ਜੇਕਰ ਵਿਰੋਧ ਪ੍ਰਦਰਸ਼ਨ ਕਰਨ ਦੀ ਬਰਾਬਰੀ ਸਾਜ਼ਿਸ਼ ਨਾਲ ਕੀਤੀ ਜਾਵੇਗੀ ਤਾਂ ਤੁਸੀਂ ਜਮਹੂਰੀਅਤ ਨਹੀਂ ਰਹੇ।’’
ਮਨੁੱਖੀ ਅਧਿਕਾਰ ਕਾਰਕੁਨ ਸ਼ਬਨਮ ਹਾਸ਼ਮੀ ਨੇ ਵੀ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਬਾਰੇ ਸਵਾਲ ਚੁੱਕੇ ਹਨ ਅਤੇ ਕਿਹਾ ਕਿ ਇੱਕ ਸਥਾਨਕ ਪੱਧਰ ’ਤੇ ਮੁਹਿੰਮ ਚਲਾਉਣ ਵਾਲਾ ਵਿਅਕਤੀ ਵੀ ਟੂਲਕਿਟ ਤਿਆਰ ਕਰਦਾ ਹੈ। ਉਨ੍ਹਾਂ ਕਿਹਾ, ‘‘ਸਾਨੂੰ ਪ੍ਰਧਾਨ ਮੰਤਰੀ ਦੀ ਮੁਹਿੰਮ ਟੂਲਿਕਟ ਨੂੰ ਵੇਖਣਾ ਚਾਹੀਦਾ ਹੈ। ਅਸੀਂ ਬੇਤੁਕੀਆਂ ਹੱਦਾਂ ਨੂੰ ਪਾਰ ਕਰ ਰਹੇ ਹਾਂ। ਅਸੀਂ ਕੌਮਾਂਤਰੀ ਪੱਧਰ ’ਤੇ ਮਜ਼ਾਕ ਦੇ ਪਾਤਰ ਬਣ ਜਾਵਾਂਗੇ।’’
ਦਿੱਲੀ ਆਧਾਰਤ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਦੀ ਪ੍ਰਮੁੱਖ ਸੁਨੀਤਾ ਨਾਰਾਇਣ ਨੇ ਗ੍ਰਿਫ਼ਤਾਰ ਕਾਰਕੁਨ ਨੂੰ ਆਪਣਾ ਸਮਰਥਨ ਦਿੱਤਾ ਹੈ।
ਉਨ੍ਹਾਂ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਜਲਵਾਯੂ ਪਰਿਵਰਤਨ ਹੋਂਦ ਲਈ ਖ਼ਤਰਾ ਹੈ। ਇਸ ’ਤੇ ਵੱਧ ਕਾਰਵਾਈ ਲਈ ਦੁਨੀਆਂ ਨੂੰ ਨੌਜਵਾਨਾਂ ਦੀ ਲਗਨ ਅਤੇ ਦ੍ਰਿੜ੍ਹਤਾ ਦੇ ਨਾਲ ਹੀ ਉਨ੍ਹਾਂ ਦੀ ਉੱਚੀ ਤੇ ਮਜ਼ਬੂਤ ਆਵਾਜ਼ ਦੀ ਲੋੜ ਹੈ। ਦਿਸ਼ਾ ਰਵੀ ਨੂੰ ਰਿਹਾਅ ਕੀਤਾ ਜਾਵੇ।’’
ਨੌਂ ਸਾਲ ਦੀ ਵਾਤਾਵਰਨ ਕਾਰਕੁਨ ਲਿਸੀਪ੍ਰਿਆ ਕਾਂਗੁਜਮ ਨੇ ਇਸ ਨੂੰ ਦੇਸ਼ ਵਿੱਚ ਨੌਜਵਾਨ ਕੁੜੀਆਂ ਅਤੇ ਔਰਤਾਂ ਦੀ ਆਵਾਜ਼ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਦੱਸਿਆ। 50 ਤੋਂ ਵੱਧ ਸਿਖਿਆ ਸ਼ਾਸਤਰੀਆਂ, ਕਲਾਕਾਰਾਂ ਅਤੇ ਸਮਾਜਿਕ ਕਾਰਕੁਨਾਂ ਨੇ ਇੱਕ ਸਾਂਝੇ ਬਿਆਨ ਵਿੱਚ ਰਵੀ ਦੇ ਸਮਰਥਨ ਵਿੱਚ ਆਵਾਜ਼ ਚੁੱਕੀ ਹੈ। ਉਨ੍ਹਾਂ ਦਿਸ਼ਾ ਦੀ ਗ੍ਰਿਫ਼ਤਾਰੀ ਨੂੰ ‘ਪ੍ਰੇਸ਼ਾਨ ਕਰਨ ਵਾਲੀ’, ‘ਕੁਦਰਤੀ ਤੌਰ ’ਤੇ ਗ਼ੈਰ-ਕਾਨੂੰਨੀ’ ਅਤੇ ‘ਸਰਕਾਰ ਦੀ ਲੋੜੋਂ ਵੱਧ ਪ੍ਰਤੀਕਿਰਿਆ’ ਵਾਲੀ ਕਾਰਵਾਈ ਕਰਾਰ ਦਿੱਤਾ।
‘ਕੋਲਿਸ਼ਨ ਫਾਰ ਐਨਵਾਇਰਨਮੈਂਟ ਜਸਟਿਸ ਇਨ ਇੰਡੀਆ’ ਦੇ ਬੈਨਰ ਹੇਠ ਜਾਰੀ ਬਿਆਨ ਵਿੱਚ ਇਸ ਨੂੰ ਲੋਕਾਂ ਦਾ ਧਿਆਨ ਭਟਕਾਉਣ ਦਾ ਯਤਨ ਦੱਸਿਆ ਗਿਆ ਹੈ। ਇਸ ਵਿੱਚ ਕਿਹਾ ਗਿਆ, ‘‘ਇਹ ਹੋਰ ਵੀ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਮੌਜੂਦਾ ਕਾਰਵਾਈ ਲੋਕਾਂ ਦੇ ਅਸਲੀ ਮੁੱਦਿਆਂ ਜਿਵੇਂ ਤੇਲ ਅਤੇ ਹੋਰ ਵਸਤਾਂ ਦੀਆਂ ਵਧਦੀਆਂ ਕੀਮਤਾਂ, ਵੱਡੇ ਪੱਧਰ ’ਤੇ ਬੇਰੁਜ਼ਗਾਰੀ ਅਤੇ ਬਿਨਾ ਕਿਸੇ ਯੋਜਨਾ ਦੇ ਲੌਕਡਾਊਨ ਕਾਰਨ ਪੈਦਾ ਹੋਏ ਸੰਕਟ ਅਤੇ ਵਾਤਾਵਰਨ ਦੀ ਖ਼ਤਰਨਾਕ ਹਾਲਤ ਤੋਂ ਧਿਆਨ ਭਟਕਾਉਣ ਦੀ ਰਣਨੀਤੀ ਹੈ।’’ ਇਸ ਗਰੁੱਪ ਵੱਲੋਂ ਇੱਕ ਆਲਨਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਦਿਸ਼ਾ ਰਵੀ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ ਹੈ।
ਵਾਤਾਵਰਨ ਕਾਰਕੁਨ ਥਨਬਰਗ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਸੰਘਰਸ਼ ਨੂੰ ਆਪਣਾ ਸਮਰਥਨ ਦੇਣ ਲਈ ‘ਟੂਲਕਿਟ’ ਸਾਂਝੀ ਕੀਤੀ ਸੀ। ਦਸਤਾਵੇਜ਼ ਵਿੱਚ ਟਵਿੱਟਰ ’ਤੇ ਵੱਧ ਗਿਣਤੀ ਵਿੱਚ ਸੰਦੇਸ਼ ਟਵੀਟ ਕਰਨ ਅਤੇ ਭਾਰਤੀ ਸਫ਼ਾਰਤਖ਼ਾਨੇ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਸਮੇਤ ਵੱਖ-ਵੱਖ ਲੋੜੀਂਦੀ ਕਾਰਵਾਈ ਨੱਥੀ ਕੀਤੀ ਗਈ ਸੀ ਤਾਂ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕੀਤਾ ਜਾ ਸਕੇ। ਪੁਲੀਸ ਨੇ ਕਿਹਾ ਕਿ ਰਵੀ ‘ਫਰਾਈਡੇਜ਼ ਫਾਰ ਫਿਊਚਰ ਇੰਡੀਆ’ ਨਾਮੀ ਗਰੁੱਪ ਦੇ ਮੋਢੀ ਮੈਂਬਰਾਂ ਵਿੱਚੋਂ ਇੱਕ ਹੈ।
ਭਾਜਪਾ ਅਤੇ ਵਿਰੋਧੀ ਧਿਰਾਂ ਵਿਚਾਲੇ ਸ਼ਬਦੀ ਜੰਗ ਸ਼ੁਰੂ
ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਜਪਾ ਅਤੇ ਵਿਰੋਧੀ ਧਿਰਾਂ ਵਿਚਾਲੇ ਜ਼ੁਬਾਨੀ ਜੰਗ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰ ਨੇ 21 ਸਾਲਾ ਦਿਸ਼ਾ ਦੀ ਗ੍ਰਿਫ਼ਤਾਰੀ ਨੂੰ ‘ਲੋਕਤੰਤਰ ’ਤੇ ਹਮਲਾ’ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਤਾਂ ਭਾਜਪਾ ਨੇ ਪੁਲੀਸ ਦੀ ਕਾਰਵਾਈ ਦਾ ਬਚਾਅ ਕੀਤਾ ਅਤੇ ਕਿਹਾ ਕਿ ਅਪਰਾਧ ਤਾਂ ਅਪਰਾਧ ਹੈ, ਜਿਸ ਦਾ ਉਮਰ ਨਾਲ ਕੋਈ ਲਾਗਾ-ਦੇਗਾ ਨਹੀਂ ਹੈਂ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿਸ਼ਾ ਦੀ ਗ੍ਰਿਫ਼ਤਾਰੀ ਨਾਲ ਜੁੜੀ ਖ਼ਬਰ ਸਾਂਝੀ ਕਰਦਿਆਂ ਟਵੀਟ ਕੀਤਾ, ‘‘ਬੋਲ ਕਿ ਲਬ ਆਜ਼ਾਦ ਹੈ ਤੇਰੇ, ਬੋਲ ਕਿ ਸੱਚ ਜ਼ਿੰਦਾ ਹੈ ਅਬ ਤਕ! ਵੋ ਡਰੇ ਹੈਂ, ਦੇਸ਼ ਨਹੀਂ!।’’ ਉਨ੍ਹਾਂ ਕਿਹਾ, ‘‘ਭਾਰਤ ਚੁੱਪ ਬੈਠਣ ਵਾਲਾ ਨਹੀਂ ਹੈ।’’ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਇਸ ਮਾਮਲੇ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਟਵੀਟ ਕੀਤਾ, ‘‘ਡਰਤੇ ਹੈਂ, ਬੰਦੂਕੋਂ ਵਾਲੇ ਏਕ ਨਿਹੱਥੀ ਲੜਕੀ ਸੇ, ਫੈਲੇ ਹੈਂ ਹਿੰਮਤ ਕੇ ਉਜਾਲੇ ਏਕ ਨਿਹੱਥੀ ਲੜਕੀ ਸੇ।’’
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਾਤਾਵਰਨ ਮੰਤਰੀ ਜੈਰਾਮ ਰਮੇਸ਼ ਨੇ ਦੋਸ਼ ਲਾਇਆ, ‘‘ਇਹ ਨਿਊ ਇੰਡੀਆ ਦੀ ਤਾਨਾਸ਼ਾਹੀ ਹੈ, ਜਿਸ ਨੂੰ ਅਮਿਤ ਸ਼ਾਹੀ ਕਿਹਾ ਜਾਂਦਾ ਹੈ।’’
ਕਾਂਗਰਸ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਆਪਣੇ ਟਵਿੱਟਰ ’ਤੇ ਵਿਅੰਗ ਕਰਦਿਆਂ ਲਿਖਿਆ, ‘‘ਜੇਕਰ ਦਿਸ਼ਾ ਰਵੀ ਦੇਸ਼ ਲਈ ਖ਼ਤਰਾ ਬਣ ਗਈ ਹੈ ਤਾਂ ਭਾਰਤ ਦੀ ਸ਼ਾਸਨ ਪ੍ਰਣਾਲੀ ਬਹੁਤ ਹੀ ਕਮਜ਼ੋਰ ਬੁਨਿਆਦ ’ਤੇ ਖੜ੍ਹੀ ਹੈ।’’
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਵੀ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਅਤੇ ਕਿਹਾ, ‘‘ਭਾਜਪਾ ਸਰਕਾਰ ਨੂੰ ਸਭ ਤੋਂ ਪਹਿਲਾਂ ਆਪਣੇ ਆਈਟੀ ਸੈੱਲ ਦੇ ਮੈਂਬਰਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ, ਜੋ ਝੂਠੀਆਂ ਸੂਚਨਾਵਾਂ ਫੈਲਾਉਂਦੇ ਹਨ। ਦੂਹਰੇ ਨਿਯਮ ਕਿਉਂ?’’
ਆਮ ਆਦਮੀ ਪਾਰਟੀ ਦੇ ਬੁਲਾਰੇ ਰਾਘਵ ਚੱਢਾ ਨੇ ਕਿਹਾ, ‘‘ਭਾਜਪਾ ਸਰਕਾਰ ਨੇ ਦੇਸ਼ ਵਿੱਚ ਐਮਰਜੈਂਸੀ ਲਾ ਦਿੱਤੀ ਹੈ। ਨੌਜਵਾਨ ਖੁੱਲ੍ਹ ਕੇ ਬੋਲ ਰਹੇ ਹਨ, ਪਰ ਭਾਜਪਾ ਨੌਜਵਾਨਾਂ ਨੂੰ ਪਸੰਦ ਨਹੀਂ ਕਰਦੀ। ਇਸ ਲਈ 21 ਸਾਲਾ ਮੁਟਿਆਰ ਕਾਰਕੁਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।’’ ‘ਆਪ’ ਦੇ ਕੁਆਰਡੀਨੇਟਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ‘‘21 ਸਾਲ ਦੀ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ ’ਤੇ ਅਣਕਿਆਸਾ ਹਮਲਾ ਹੈ। ਸਾਡੇ ਕਿਸਾਨਾਂ ਦਾ ਸਮਰਥਨ ਕਰਨਾ ਅਪਰਾਧ ਨਹੀਂ ਹੈ।’’
ਰਾਸ਼ਟਰੀ ਜਨਤਾ ਦਲ ਦੇ ਆਗੂ ਮਨੋਜ ਝਾਅ ਨੇ ਕਿਹਾ, ‘‘ਮੈਨੂੰ ਲੋਕਤੰਤਰ ਦੀ ਫ਼ਿਕਰ ਹੋ ਰਹੀ ਹੈ ਕਿਉਂਕਿ ਇਹ ਬਹੁਤ ਹੀ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ।’’ -ਪੀਟੀਆਈ