ਮੁੰਬਈ, 11 ਫਰਵਰੀ
ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੂੰ ਅੱਜ ਦੇਹਰਾਦੂਨ ਜਾਣ ਲਈ ਸਰਕਾਰੀ ਜਹਾਜ਼ ਦੀ ਵਰਤੋਂ ਦੀ ਆਗਿਆ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਜਿੱਥੇ ਵਿਵਾਦ ਪੈਦਾ ਹੋ ਗਿਆ, ਉੱਥੇ ਵਿਰੋਧੀ ਧਿਰ ਭਾਜਪਾ ਨੇ ਇਸ ਘਟਨਾਕ੍ਰਮ ਦੀ ਨਿਖੇਧੀ ਕਰਦਿਆਂ ਸਰਕਾਰ ਤੋਂ ਇਸ ਲਈ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਗਵਰਨਰ ਸ੍ਰੀ ਕੋਸ਼ਿਆਰੀ ਨੇ ਸਰਕਾਰੀ ਜਹਾਜ਼ ਰਾਹੀਂ ਦੇਹਰਾਦੂਨ ਜਾਣਾ ਸੀ ਪਰ ਜਹਾਜ਼ ਦੀ ਵਰਤੋਂ ਲਈ ਆਗਿਆ ਨਹੀਂ ਦਿੱਤੀ ਗਈ ਜਦਕਿ ਗਵਰਨਰ ਜਹਾਜ਼ ’ਚ ਬੈਠ ਵੀ ਚੁੱਕੇ ਸਨ।
ਰਾਜ ਭਵਨ ਵੱਲੋਂ ਜਾਰੀ ਸੂਚਨਾ ਮੁਤਾਬਕ ਬਾਅਦ ’ਚ ਉਹ ਇੱਕ ਕਮਰਸ਼ੀਅਲ ਫਲਾਈਟ ਰਾਹੀਂ ਦੇਹਰਾਦੂਨ ਲਈ ਰਵਾਨਾ ਹੋਏ। ਰਾਜ ਭਵਨ ਸਕੱਤਰੇਤ ਅਤੇ ਸੂਬਾ ਸਰਕਾਰ ਇਸ ਘਟਨਾ ਲਈ ਇੱਕ-ਦੂਜੇ ’ਤੇ ਦੋਸ਼ ਮੜ ਰਹੇ ਹਨ ਜਿਸਨੇ ਸੱਤਾਧਾਰੀ ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਗੱਠਜੋੜ ਤੇ ਗਵਰਨਰ ਵਿਚਾਲੇ ਚੱਲ ਰਹੇ ਕੁੜੱਤਣ ਭਰੇ ਸਬੰਧਾਂ ’ਚ ਇੱਕ ਨਵਾਂ ਸਬਕ ਜੋੜ ਦਿੱਤਾ ਹੈ। ਰਾਜ ਭਵਨ ਵੱਲੋਂ ਜਾਰੀ ਸੂਚਨਾ ਮੁਤਾਬਕ ਗਵਰਨਰ ਸਕੱਤਰੇਤ ਨੇ ਸਰਕਾਰੀ ਅਧਿਕਾਰੀਆਂ ਨੂੰ ਜਹਾਜ਼ ਦੀ ਵਰਤੋਂ ਸਬੰਧੀ ਆਗਿਆ ਦੇਣ ਲਈ 2 ਫਰਵਰੀ ਨੂੰ ਪੱਤਰ ਲਿਖਿਆ ਸੀ ਤੇ ਸੀਐੱਮਓ ਨੂੰ ਵੀ ਇਸ ਸਬੰਧੀ ਸੂਚਨਾ ਦਿੱਤੀ ਗਈ ਸੀ। ਹਾਲਾਂਕਿ, ਮਹਾਰਾਸ਼ਟਰ ਸਰਕਾਰ ਨੇ ਦੱਸਿਆ ਕਿ ਰਾਜ ਭਵਨ ਸਕੱਤਰੇਤ ਨੂੰ ਸੀਐੱਮਓ ਵੱਲੋਂ ਇੱਕ ਦਿਨ ਪਹਿਲਾਂ ਇਹ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਸਰਕਾਰੀ ਜਹਾਜ਼ ਦੀ ਵਰਤੋਂ ਦੀ ਆਗਿਆ ਨਹੀਂ ਦਿੱਤੀ ਗਈ। ਸੀਐੱਮਓ ਵੱਲੋਂ ਜਾਰੀ ਬਿਆਨ ਮੁਤਾਬਕ ਸੂਬਾ ਸਰਕਾਰ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਕਿ ਰਾਜ ਭਵਨ ’ਚ ਸਬੰਧਤ ਅਧਿਕਾਰੀ ਨੇ ਗਵਰਨਰ ਨੂੰ ਸਰਕਾਰ ਵੱਲੋਂ ਭੇਜੀ ਗਈ ਸੂਚਨਾ (ਜਹਾਜ਼ ਦੀ ਵਰਤੋਂ ਲਈ ਆਗਿਆ ਨਾ ਦੇਣ ਸਬੰਧੀ) ਬਾਰੇ ਕਿਉਂ ਜਾਣੂ ਨਹੀਂ ਕਰਵਾਇਆ। ਇਸ ਮਾਮਲੇ ਬਾਰੇ ਸਵਾਲ ਪੁੱਛਣ ’ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਉਹ ਜਾਣਕਾਰੀ ਮਿਲਣ ਮਗਰੋਂ ਹੀ ਕੋਈ ਟਿੱਪਣੀ ਕਰ ਸਕਣਗੇ। ਹਾਲਾਂਕਿ, ਵਿਰੋਧੀ ਧਿਰ ਭਾਜਪਾ ਨੇ ਸੂਬਾ ਸਰਕਾਰ ’ਤੇ ‘ਆਕੜਖੋਰ’ ਹੋਣ ਤੇ ‘ਬਚਗਾਨਾ ਹਰਕਤਾਂ’ ਕਰਨ ਦਾ ਦੋਸ਼ ਲਾਉਂਦਿਆਂ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। -ਪੀਟੀਆਈ
ਮਹਾਰਾਸ਼ਟਰ ਸਰਕਾਰ ਨੇ ਨਿਯਮਾਂ ਦੀ ਪਾਲਣਾ ਕੀਤੀ: ਰਾਊਤ
ਮੁੰਬਈ: ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੂੰ ਦੇਹਰਾਦੂਨ ਜਾਣ ਲਈ ਸਰਕਾਰੀ ਜਹਾਜ਼ ਦੀ ਵਰਤੋਂ ਦੀ ਆਗਿਆ ਨਾ ਦੇਣ ਦੇ ਮਾਮਲੇ ’ਚ ਸਾਰੇ ਸਬੰਧਤ ਨਿਯਮਾਂ ਦੀ ਪਾਲਣਾ ਕੀਤੀ ਹੈ। ਸਰਕਾਰ ਵੱਲੋਂ ਗਵਰਨਰ ਦਾ ਅਪਮਾਨ ਕਰਨ ਸਬੰਧੀ ਭਾਜਪਾ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਸ੍ਰੀ ਰਾਊਤ ਨੇ ਦਿੱਲੀ ’ਚ ਮੀਡੀਆ ਨੂੰ ਦੱਸਿਆ ਕਿ ਇਸ ਮਾਮਲੇ ’ਚ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਕੀਤੀ ਗਈ। -ਪੀਟੀਆਈ