ਭੋਪਾਲ, 28 ਅਗਸਤ
ਮੱਧਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਸਿਵਲ ਇੰਜਨੀਅਰ ਨੇ ਕਥਿਤ ਤੌਰ ’ਤੇ ਆਰਥਿਕ ਤੰਗੀ ਤੇ ਪ੍ਰੇਸ਼ਾਨੀ ਕਾਰਨ ਪਤਨੀ ਨਾਲ ਮਿਲ ਕੇ ਆਪਣੇ ਦੋ ਬੱਚਿਆਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਦੋਵਾਂ ਨੇ ਜ਼ਹਿਰ ਪੀ ਲਿਆ। ਇਸ ਘਟਨਾ ਵਿੱਚ ਇੰਜਨੀਅਰ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ, ਜਦੋਂਕਿ ਪਤਨੀ ਅਤੇ ਧੀ ਦੀ ਹਾਲਤ ਗੰਭੀਰ ਹੈ। ਮਿਸਰੌਦ ਪੁਲੀਸ ਥਾਣੇ ਦੇ ਮੁਖੀ ਨਰਿੰਜਣ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਦੀ ਹੈ। ਇਹ ਵਾਰਦਾਤ ਸ਼ਹਿਰ ਦੇ ਬਾਹਰੀ ਖੇਤਰ ਵਿੱਚ ਸਥਿਤ ਸਹਾਰਾ ਟਾਊਨਸ਼ਿਪ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ ਰਵੀ ਠਾਕਰੇ ਸਿਵਲ ਇੰਜਨੀਅਰ ਸੀ ਅਤੇ ਪਿਛਲੇ ਦੋ ਤਿੰਨ ਮਹੀਨੇ ਤੋਂ ਬੇਰੁਜ਼ਗਾਰ ਸੀ। ਆਰਥਿਕ ਤੰਗੀ ਅਤੇ ਪ੍ਰੇਸ਼ਾਨੀ ਕਾਰਨ ਉਸ ਨੇ ਆਪਣੀ ਪਤਨੀ ਰੰਜਨਾ ਠਾਕਰੇ (50) ਨਾਲ ਮਿਲ ਕੇ 16 ਸਾਲਾ ਪੁੱਤਰ ਅਤੇ 14 ਸਾਲਾ ਧੀ ਦਾ ਗਲ ਵੱਢਿਆ ਅਤੇ ਉਸ ਮਗਰੋਂ ਦੋਵਾਂ ਨੇ ਜ਼ਹਿਰ ਪੀ ਲਿਆ। ਸ਼ਰਮਾ ਨੇ ਦੱਸਿਆ ਕਿ ਇਸ ਘਟਨਾ ਵਿੱਚ ਸਿਵਲ ਇੰਜਨੀਅਰ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। -ਪੀਟੀਆਈ