ਨਵੀਂ ਦਿੱਲੀ, 23 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਅੱਜ ‘ਕਿਸਾਨ ਦਿਹਾੜੇ’ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ 118ਵੀਂ ਜਨਮ ਵਰ੍ਹੇਗੰਢ ’ਤੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਰੱਖਿਆ ਮੰਤਰੀ ਰਾਜਨਾਥ ਨੇ ਆਸ ਜਤਾਈ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਜਲਦੀ ਹੀ ਆਪਣਾ ਅੰਦੋਲਨ ਵਾਪਸ ਲੈ ਲੈਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ਵਿੱਚ ਕਿਹਾ ਕਿ ਸ੍ਰੀ ਮੋਦੀ 25 ਦਸੰਬਰ ਨੂੰ ਪ੍ਰਧਾਨ ਮੰਤਰੀ ਕਿਸਾਨਾ ਸੰਮਾਨ ਨਿਧੀ (ਪੀਐੱਮ-ਕਿਸਾਨ) ਤਹਿਤ ਮਿਲਣ ਵਾਲੀ ਵਿੱਤੀ ਰਾਸ਼ੀ ਦੀ ਅਗਲੀ ਕਿਸ਼ਤ 25 ਦਸੰਬਰ ਨੂੰ ਵਰਚੁਅਲ ਕਾਨਫਰੰਸ ਜ਼ਰੀਏ ਰਿਲੀਜ਼ ਕਰਨਗੇ। ਪੀਐੱਮਓ ਨੇ ਕਿਹਾ ਕਿ ਇਕ ਬਟਨ ਦੱਬਣ ਨਾਲ 18000 ਕਰੋੜ ਰੁਪਏ ਨੌਂ ਕਰੋੜ ਲਾਭਪਾਤਰੀਆਂ ਦੇ ਖਾਤਿਆਂ ’ਚ ਤਬਦੀਲ ਹੋ ਜਾਣਗੇ। ਸ੍ਰੀ ਮੋਦੀ ਇਸ ਮੌਕੇ ਛੇ ਰਾਜਾਂ ਦੇ ਕਿਸਾਨਾਂ ਨਾਲ ਵੀ ਰੂਬਰੂ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਾਬਕਾ ਹਮਰੁਤਬਾ ਤੇ ਮਰਹੂਮ ਆਗੂ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ’ਤੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਚੌਧਰੀ ਚਰਨ ਸਿੰਘ ਸਾਰੀ ਉਮਰ ਪਿੰਡਾਂ ਤੇ ਕਿਸਾਨਾਂ ਦੇ ਵਿਕਾਸ ਨੂੰ ਸਮਰਪਿਤ ਰਹੇ। ਸ੍ਰੀ ਮੋਦੀ ਨੇ ਇਕ ਟਵੀਟ ’ਚ ਕਿਹਾ
ਕਿ ਚਰਨ ਸਿੰਘ ਨੂੰ ਪਿੰਡਾਂ ਤੇ ਕਿਸਾਨਾਂ ਦੇ ਵਿਕਾਸ ਲਈ ਪਾਏ ਯੋਗਦਾਨ ਤੇ ਸਮਰਪਣ ਭਾਵਨਾ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਯੂਪੀ ਦੇ ਮੇਰਠ ਜ਼ਿਲ੍ਹੇ ’ਚ 1902 ਵਿੱਚ ਜਨਮੇ ਸਿੰਘ ਨੇ ਕਿਸਾਨਾਂ ਦੀ ਭਲਾਈ ਨਾਲ ਸਬੰਧਤ ਕਈ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦਾ 1987 ’ਚ ਦੇਹਾਂਤ ਹੋ ਗਿਆ ਸੀ।
ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੌਧਰੀ ਚਰਨ ਸਿੰਘ ਤੋਂ ਪ੍ਰੇਰਨਾ ਲੈਂਦਿਆਂ ਕਿਸਾਨ ਹਿੱਤਾਂ ਲਈ ਕਈ ਉਪਾਅ ਕੀਤੇ ਹਨ ਤੇ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਰੱਖਿਆ ਮੰਤਰੀ ਨੇ ਉਮੀਦ ਜ਼ਾਹਿਰ ਕੀਤੀ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਛੇਤੀ ਹੀ ਆਪਣਾ ਅੰਦੋਲਨ ਵਾਪਸ ਲੈ ਲੈਣਗੇ। ਉਨ੍ਹਾਂ ਟਵੀਟ ਕੀਤਾ, ‘ਕੁੱਝ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਸਰਕਾਰ ਉਨ੍ਹਾਂ ਨਾਲ ਸੰਵੇਦਨਸ਼ੀਲਤਾ ਨਾਲ ਗੱਲ ਕਰ ਰਹੀ ਹੈ। ਮੈਨੂੰ ਉਮੀਦ ਹੈ ਕਿ ਉਹ ਛੇਤੀ ਹੀ ਆਪਣਾ ਅੰਦੋਲਨ ਵਾਪਸ ਲੈ ਲੈਣਗੇ।’ ਰੱਖਿਆ ਮੰਤਰੀ ਨੇ ਚੌਧਰੀ ਚਰਨ ਸਿੰਘ ਨੂੰ ਯਾਦ ਕਰਦਿਆਂ ਕਿਹਾ ਮਰਹੂਮ ਆਗੂ ਨੇ ਸਾਰੀ ਉਮਰ ਕਿਸਾਨ ਹਿੱਤਾਂ ਲਈ ਕੰਮ ਕੀਤਾ ਤੇ ਉਹ ਚਾਹੁੰਦੇ ਸਨ ਕਿ ਕਿਸਾਨਾਂ ਨੂੰ ਜਿਣਸਾਂ ਦੇ ਸਹੀ ਭਾਅ ਮਿਲਣ। ਕਿਸਾਨਾਂ ਦੀ ਆਮਦਨੀ ਵਧੇ ਤੇ ਉਨ੍ਹਾਂ ਦਾ ਸਨਮਾਨ ਸੁਰੱਖਿਅਤ ਰਹੇੇ। ਰੱਖਿਆ ਮੰਤਰੀ ਨੇ ਕਿਹਾ ਕਿ ਅੰਨਦਾਤਾ ਨੇ ਦੇਸ਼ ਲਈ ਅਨਾਜ ਸੁਰੱਖਿਆ ਦੀ ਢਾਲ ਕਾਇਮ ਕੀਤੀ।
ਉਧਰ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ‘ਕਿਸਾਨ ਦਿਹਾੜੇ’ ਮੌਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ‘ਪੂਰੀ ਤਰ੍ਹਾਂ ਵਚਨਬੱਧ’ ਹੈ। ਤੋਮਰ ਨੇ ਟਵੀਟ ਕੀਤਾ, ‘ਸਾਰੇ ਦੇਸ਼ ਵਾਸੀਆਂ ਨੂੰ ‘ਕਿਸਾਨ ਦਿਵਸ’ ਦੀਆਂ ਵਧਾਈਆਂ। ਮੋਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਕਿਸਾਨਾਂ ਦੇ ਮਸੀਹਾ ਤੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ’ਤੇ ਸਲਾਮ।’ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ’ਚ ਕੀਤੇ ਟਵੀਟ ’ਚ ਕਿਹਾ, ‘ਮੈਂ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਸ਼ਰਧਾਂਜਲੀ ਦਿੰਦਾ ਹਾਂ। ਉਨ੍ਹਾਂ ਸਾਰੀ ਉਮਰ ਪੂਰੀ ਸ਼ਰਧਾ ਤੇ ਸਮਰਪਣ ਨਾਲ ਕਿਸਾਨਾਂ ਤੇ ਪਿੰਡਾਂ ਲਈ ਕੰਮ ਕੀਤਾ। ਉਨ੍ਹਾਂ ਦਾ ਸੰਘਰਸ਼ ਤੇ ਸਾਧਾਰਨ ਜ਼ਿੰਦਗੀ ਸਾਨੂੰ ਹਮੇਸ਼ਾ ਸੇਧ ਦਿੰਦੀ ਰਹੇਗੀ। ਇਸ ਦੌਰਾਨ ਅੱਜ ਕੁੱਝ ਕਿਸਾਨ ਮਰਹੂਮ ਚਰਨ ਸਿੰਘ ਦੀ ਸਮਾਧ ‘ਕਿਸਾਨ ਘਾਟ’ ਵਿਖੇ ਇਕੱਠੇ ਹੋਏ ਤੇ ਆਪਣੇ ਮਹਬਿੂਬ ਨੇਤਾ ਨੂੰ ਯਾਦ ਕੀਤਾ।
-ਪੀਟੀਆਈ