ਕੋਲਕਾਤਾ, 6 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਸੂਬੇ ਦੀਆਂ ਵੈਕਸੀਨ ਲੋੜਾਂ ਪੂਰੀਆਂ ਕਰਨ ’ਚ ਫੇਲ੍ਹ ਰਹੀ, ਜਿਸ ਕਾਰਨ ਉਨ੍ਹਾਂ ਦੀ ਸਰਕਾਰ ਨੂੰ ਵੈਕਸੀਨ ਦੀ ਖ਼ੁਦ ਖ਼ਰੀਦ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਇੱਕ ਬੇਸ਼ਰਮ ਪ੍ਰਧਾਨ ਮੰਤਰੀ’ ਆਖਦਿਆਂ ਕਿਹਾ ਕਿ ਉਨ੍ਹਾਂ ਹੋਰਡਿੰਗਾਂ ਤੋਂ ਲੈ ਕੇ ਟੀਕਾਕਰਨ ਸਰਟੀਫਿਕੇਟਾਂ ’ਤੇ ਹਰ ਥਾਂ ਆਪਣੀ ਤਸਵੀਰ ਲਾਈ ਹੋਈ ਹੈ। ਮੁੱਖ ਮੰਤਰੀ ਬੈਨਰਜੀ ਨੇ ਵਿਧਾਨ ਸਭਾ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬੰਗਾਲ ਨੂੰ ਹੁਣ ਤੱਕ 2 ਕਰੋੜ ਟੀਕੇ ਮਿਲੇ, ਜੋ ਇੱਥੋਂ ਦੀ ਆਬਾਦੀ ਮੁਤਾਬਕ ਕਾਫ਼ੀ ਘੱਟ ਹਨ। ਅਜਿਹੇ ਹਾਲਾਤ ਵਿੱਚ ਸਾਰਿਆਂ ਦਾ ਟੀਕਾਕਕਰਨ ਕਰਨਾ ਉਨ੍ਹਾਂ ਦੀ ਸਰਕਾਰ ਲਈ ਵੱਡੀ ਚੁਣੌਤੀ ਸੀ। ਉਨ੍ਹਾਂ ਇਹ ਵੀ ਜਾਣਨਾ ਚਾਹਿਆ ਕਿ ਮੁਲਕ ਵਿੱਚ ਚੱਲ ਰਹੀ ਟੀਕਾਕਰਨ ਮੁਹਿੰਮ ਦੇ ਖਰਚੇ ਲਈ ਪੀਐੱਮ ਕੇਅਰਜ਼ ਫੰਡ ਵਿੱਚੋਂ ਰਾਸ਼ੀ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਦੋਸ਼ਪੂਰਨ ਨੀਤੀਆਂ ਕਾਰਨ ਕਰੋਨਾ ਸੰਕਟ ਨਾਲ ਨਹੀਂ ਨਜਿੱਠ ਸਕੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕਈ ਪ੍ਰਧਾਨ ਮੰਤਰੀ ਵੇਖੇ ਹਨ ਪਰ ਕੋਈ ਇੰਨਾ ਬੇਸ਼ਰਮ ਨਹੀਂ ਵੇਖਿਆ… ਉਨ੍ਹਾਂ ਕਿਹਾ ਕਿ ਬੰਗਾਲ ਨੇ ਤੀਜੀ ਲਹਿਰ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਇਸ ਦੇ ਮੈਂਬਰ ਸ਼ਿਸ਼ਟਾਚਾਰ ਤੇ ਹਲੀਮੀ ਨਹੀਂ ਜਾਣਦੇ। ਉਨ੍ਹਾਂ ਕਿਹਾ,‘ਮੈਂ ਰਾਜਨਾਥ ਸਿੰਘ ਤੋਂ ਲੈ ਕੇ ਸੁਸ਼ਮਾ ਸਵਰਾਜ ਤੱਕ ਆਗੂ ਦੇਖੇ ਹਨ… ਹਾਲਾਂਕਿ ਇਹ ਭਾਜਪਾ ਕੁਝ ਵੱਖਰੀ ਹੈ।’ – ਪੀਟੀਆਈ
ਭਾਜਪਾ ਵੱਲੋਂ ਪੱਛਮੀ ਬੰਗਾਲ ਵਿਧਾਨ ਸਭਾ ਵਿੱਚੋਂ ਵਾਕਆਊਟ
ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਦੇ ਸਪੀਕਰ ਬਿਮਾਨ ਬੰਧੋਪਾਧਿਆਏ ਵੱਲੋਂ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਵੱਲੋਂ ਨੰਦੀਗ੍ਰਾਮ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਹਾਰ ’ਤੇ ਕੀਤੀ ਟਿੱਪਣੀ ’ਤੇ ਇਤਰਾਜ਼ ਜ਼ਾਹਰ ਕਰਨ ਮਗਰੋਂ ਭਾਜਪਾ ਵਿਧਾਇਕਾਂ ਨੇ ਸਦਨ ਵਿੱਚ ਵਾਕਆਊਟ ਕਰ ਦਿੱਤਾ। ਵਿਧਾਨ ਸਭਾ ਚੋਣਾਂ ਵਿੱਚ ਅਧਿਕਾਰੀ ਨੇ ਨੰਦੀਗ੍ਰਾਮ ਸੀਟ ’ਤੇ ਬੈਨਰਜੀ ਨੂੰ 1956 ਵੋਟਾਂ ਨਾਲ ਹਰਾਇਆ ਸੀ। ਹਾਲਾਂਕਿ ਟੀਐੱਮਸੀ ਸੁਪਰੀਮੋ ਨੇ ਚੋਣ ਨਤੀਜਿਆਂ ਨੂੰ ਚੁਣੌਤੀ ਦਿੰਦਿਆਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਲੰਚ ਬ੍ਰੇਕ ਤੋਂ ਲਗਪਗ 30 ਮਿੰਟ ਪਹਿਲਾਂ ਵਿਰੋਧੀ ਧਿਰ ਦੇ ਆਗੂ ਨੇ ਰਾਜਪਾਲ ਦੇ ਉਦਘਾਟਨੀ ਭਾਸ਼ਣ ’ਤੇ ਚਰਚਾ ਦੌਰਾਨ ਨੰਦੀਗ੍ਰਾਮ ਚੋਣ ਦਾ ਮੁੱਦਾ ਚੁੱਕਦਿਆਂ ਮਮਤਾ ਬੈਨਰਜੀ ’ਤੇ ਨਿਸ਼ਾਨਾ ਸਾਧਿਆ। ਸਪੀਕਰ ਨੇ ਇਹ ਮਾਮਲਾ ਅਦਾਲਤ ਵਿੱਚ ਹੋਣ ਕਾਰਨ ਸ੍ਰੀ ਅਧਿਕਾਰੀ ਨੂੰ ਇਸ ਮਸਲੇ ’ਤੇ ਟਿੱਪਣੀ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ। ਉਨ੍ਹਾਂ ਵੱਲੋਂ ਨਾ ਰੁਕਣ ’ਤੇ ਸਪੀਕਰ ਵੱਲੋਂ ਉਨ੍ਹਾਂ ਨੂੰ ਦੂਜੀ ਵਾਰ ਚਿਤਾਵਨੀ ਦਿੱਤੀ ਗਈ। ਇਸ ਮਗਰੋਂ ਸ੍ਰੀ ਅਧਿਕਾਰੀ ਭਾਜਪਾ ਵਿਧਾਇਕਾਂ ਸਮੇਤ ਸਦਨ ਵਿੱਚੋਂ ਵਾਕਆਊਟ ਕਰ ਕੇ ਚਲੇ ਗਏ। -ਪੀਟੀਆਈ
ਵਿਧਾਨ ਪਰਿਸ਼ਦ ਦੀ ਸਥਾਪਨਾ ਸਬੰਧੀ ਮਤਾ ਪਾਸ
ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਨੇ ਅੱਜ ਵਿਧਾਨ ਪਰਿਸ਼ਦ ਸਥਾਪਤ ਕਰਨ ਸਬੰਧੀ ਮਤਾ ਪਾਸ ਕਰ ਦਿੱਤਾ ਹੈ। ਇਸ ਦੌਰਾਨ ਭਾਜਪਾ ਵਿਧਾਇਕਾਂ ਨੇ ਇਸਦਾ ਵਿਰੋਧ ਕੀਤਾ। ਇਸ ਸਬੰਧੀ ਮਤਾ ਸੂਬੇ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪਾਰਥਾ ਚੈਟਰਜੀ ਵੱਲੋਂ ਲਿਆਂਦਾ ਗਿਆ ਜਿਸ ’ਤੇ ਵੋਟਿੰਗ ਦੌਰਾਨ ਸਦਨ ਵਿੱਚ ਮੌਜੂਦ 265 ਵਿੱਚੋਂ 196 ਮੈਂਬਰਾਂ ਨੇ ਵਿਧਾਨ ਪਰਿਸ਼ਦ ਦੀ ਸਥਾਪਨਾ ਦੇ ਪੱਖ ਜਦਕਿ 69 ਨੇ ਇਸ ਦੇ ਵਿਰੋਧ ’ਚ ਵੋਟਾਂ ਪਾਈਆਂ। -ਪੀਟੀਆਈ