ਨਵੀਂ ਦਿੱਲੀ: ਦੇਸ਼ ਭਰ ਵਿੱਚ ਵੀਰਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮੁੜ ਵਧਾਏ ਜਾਣ ਕਾਰਨ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ ਹਨ। ਸਰਕਾਰੀ ਮਾਲਕੀ ਵਾਲੇ ਈਂਧਣ ਰਿਟੇਲਰਾਂ ਦੇ ਭਾਅ ਨੋਟੀਫਿਕੇਸ਼ਨ ਮੁਤਾਬਕ ਪੈਟਰੋਲ ਦੇ ਭਾਅ 30 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ 25 ਪੈਸੇ ਪ੍ਰਤੀ ਲਿਟਰ ਵਧਾਏ ਗਏ ਹਨ। ਇਸ ਤਰ੍ਹਾਂ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ ਤੱਕ ਦੇ ਸਿਖਰਲੇ ਪੱਧਰ 103.24 ਪ੍ਰਤੀ ਲਿਟਰ ਅਤੇ ਮੁੰਬਈ ਵਿੱਚ 109 ਪ੍ਰਤੀ ਲਿਟਰ ’ਤੇ ਪੁੱਜ ਗਈ ਹੈ। ਇੰਜ ਹੀ ਦਿੱਲੀ ਵਿੱਚ ਡੀਜ਼ਲ ਦੀ ਕੀਮਤ 91.42 ਦੇ ਰਿਕਾਰਡ ਉਚ ਪੱਧਰ ਨੂੰ ਛੂਹ ਗਈ ਅਤੇ ਮੁੰਬਈ ਵਿੱਚ 100 ਪ੍ਰਤੀ ਲਿਟਰ ਹੋ ਗਈ ਹੈ। ਸਥਾਨਕ ਟੈਕਸਾਂ ਦੇ ਆਧਾਰ ’ਤੇ ਵੱਖੋ ਵੱਖਰੇ ਸੂਬਿਆਂ ਵਿੱਚ ਕੀਮਤਾਂ ਵੱਖੋ-ਵੱਖਰੀਆਂ ਹੁੰਦੀਆਂ ਹਨ। -ਪੀਟੀਆਈ