ਨਵੀਂ ਦਿੱਲੀ: ਦੋ ਦਿਨਾਂ ਦੇ ਵਕਫੇ ਮਗਰੋਂ ਤੇਲ ਕੀਮਤਾਂ ਨੂੰ ਅੱਜ ਮੁੜ ਅੱਗ ਲੱਗ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਅੱਜ ਪ੍ਰਤੀ ਲਿਟਰ 35-35 ਪੈਸੇ ਦੇ ਵਾਧੇ ਨਾਲ ਦੇਸ਼ ਵਿੱਚ ਪ੍ਰਚੂਨ ਤੇਲ ਕੀਮਤਾਂ ਸਿਖਰਲੇ ਪੱਧਰ ’ਤੇ ਪੁੱਜ ਗਈਆਂ ਹਨ। ਇਸ ਨਵੇਂ ਵਾਧੇ ਨਾਲ ਕੌਮੀ ਰਾਜਧਾਨੀ ’ਚ ਪੈਟਰੋਲ 90.93 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 81.32 ਰੁਪਏ ਪ੍ਰਤੀ ਲਿਟਰ ਨੂੰ ਵਿਕਿਆ। ਮੁੰਬਈ ਵਿੱਚ ਪੈਟਰੋਲ ਦੀ ਕੀਮਤ 97.34 ਰੁਪਏ ਤੇ ਡੀਜ਼ਲ ਦੀ 88.44 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਚੇਤੇ ਰਹੇ ਕਿ ਪਿਛਲੇ 12 ਦਿਨਾਂ ਦੌਰਾਨ ਤੇਲ ਕੀਮਤਾਂ ਲਗਾਤਾਰ ਵਧੀਆਂ ਅਤੇ 21 ਤੇ 22 ਫਰਵਰੀ ਨੂੰ ਦੋ ਦਿਨ ਕੀਮਤਾਂ ਸਥਿਰ ਰਹਿਣ ਮਗਰੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਮੁੜ ਭਾਅ ਵਧਾ ਦਿੱਤੇ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਪੈਟਰੋਲ ਹੁਣ 87.50 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 81.02 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।
-ਪੀਟੀਆਈ