ਨਵੀਂ ਦਿੱੱਲੀ: ਨਿਆਂਪਾਲਿਕਾ ਦੀ ਹੱਤਕ ਦੇ ਮਾਮਲੇ ਵਿੱਚ ਕੀਤੇ ਗਏ ਮਾਮੂਲੀ ਇਕ ਰੁਪਏ ਦੇ ਜੁਰਮਾਨੇ ਦੀ ਸਜ਼ਾ ’ਤੇ ਮੁੜ ਵਿਚਾਰ ਕਰਨ ਲਈ ਸਮਾਜਿਕ ਕਾਰਕੁਨ ਤੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਂਤ ਭੂਸ਼ਣ ਨੇ ਨਿਆਂ ਪਾਲਿਕਾ ਖ਼ਿਲਾਫ਼ ਦੋ ਟਵੀਟ ਕੀਤੇ ਸਨ। ਇਸ ਨੂੰ ਅਦਾਲਤ ਦੀ ਹੱਤਕ ਦਾ ਮਾਮਲਾ ਮੰਨਦਿਆਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਸਜ਼ਾ ਵਜੋਂ ਇਕ ਰੁਪਏ ਦਾ ਮਾਮੂਲੀ ਜੁਰਮਾਨਾ ਅਦਾ ਕਰਨ ਜਾਂ ਤਿੰਨ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਭੂਸ਼ਣ 14 ਸਤੰਬਰ ਨੂੰ ਸੁਪਰੀਮ ਕੋਰਟ ’ਚ ਇਕ ਰੁਪਏ ਜਮ੍ਹਾਂ ਕਰਵਾ ਚੁੱਕੇ ਹਨ ਪਰ ਉਨ੍ਹਾਂ ਹੱਤਕ ਮਾਮਲੇ ਵਿੱਚ ਮੁੜ ਵਿਚਾਰ ਕਰਨ ਲਈ ਦੋ ਵੱਖ ਵੱਖ ਪਟੀਸ਼ਨਾਂ ਦਾਇਰ ਕੀਤੀਆਂ ਹਨ। ਵਕੀਲ ਕਾਮਿਨੀ ਜੈਸਵਾਲ ਰਾਹੀਂ ਦਾਖ਼ਲ ਕੀਤੀ ਦੂਜੀ ਪਟੀਸ਼ਨ ਵਿੱਚ ਭੂਸ਼ਣ ਨੇ ਇਸ ਮਾਮਲੇ ਸਬੰਧੀ ਖੁੱਲ੍ਹੀ ਅਦਾਲਤ ਵਿੱਚ ਸੁਣਵਾਈ ਦੀ ਮੰਗ ਕੀਤੀ ਹੈ।
-ਪੀਟੀਆਈ