ਨਵੀਂ ਦਿੱਲੀ, 7 ਜੂਨ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਕੋਵਿਡ ਮਹਾਮਾਰੀ ਨਾਲ ਜੁੜੇ ਅੰਕੜੇ ਸਰਕਾਰ ਨੇ ਲੁਕਾਏ ਤੇ ਦਬਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਲੋਕਾਂ ਦੀ ਜਾਨ ਬਚਾਉਣ ਨਾਲੋਂ ਪ੍ਰਾਪੇਗੰਡਾ ਉਤੇ ਜ਼ਿਆਦਾ ਜ਼ੋਰ ਲਾ ਰਹੀ ਹੈ ਤੇ ‘ਵੱਡਾ ਨੁਕਸਾਨ’ ਪਹੁੰਚਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਆਪਣੀ ‘ਜ਼ਿੰਮੇਦਾਰ ਕੌਣ’ ਮੁਹਿੰਮ ਤਹਿਤ ਮਹਾਮਾਰੀ ਨਾਲ ਨਜਿੱਠਣ ਬਾਰੇ ਸਰਕਾਰ ਨੂੰ ਕਈ ਸਵਾਲ ਕਰ ਰਹੀ ਹੈ। ਕਾਂਗਰਸ ਜਨਰਲ ਸਕੱਤਰ ਨੇ ਸਰਕਾਰ ਵੱਲੋਂ ਕਰੋਨਾ ਬਾਰੇ ਦਿੱਤੀ ਜਾ ਰਹੀ ਜਾਣਕਾਰੀ ਉਤੇ ਧਿਆਨ ਕੇਂਦਰਿਤ ਕੀਤਾ ਹੈ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਉਤੇ ਪੋਸਟ ਕਰਦਿਆਂ ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦੀ ਸਾਖ਼ ਬਚਾਉਣੀ ਭਾਰਤੀਆਂ ਦੀ ਜਾਨ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਡੇਟਾ ਨੂੰ ‘ਆਪਣੇ ਪ੍ਰਚਾਰ-ਪ੍ਰਸਾਰ’ ਲਈ ਵਰਤ ਰਹੀ ਹੈ। ਪ੍ਰਿਯੰਕਾ ਨੇ ਕਿਹਾ ਕਿ ਕੋਵਿਡ ਦੇ ਅੰਕੜਿਆਂ ਨੂੰ ਮਹਾਮਾਰੀ ਖ਼ਿਲਾਫ਼ ਹਥਿਆਰ ਵਜੋਂ ਵਰਤਿਆ ਜਾ ਸਕਦਾ ਸੀ ਪਰ ਸਰਕਾਰ ਨੇ ‘ਪ੍ਰਾਪੇਗੰਡਾ’ ਕਰਨ ਨੂੰ ਤਰਜੀਹ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਮਸ਼ੀਨਰੀ ਵਾਰ-ਵਾਰ ਜਾਣਕਾਰੀ ਲੁਕੋ ਕੇ ਕੇਂਦਰ ਸਰਕਾਰ ਦੇ ਸਿਆਸੀ ਏਜੰਡਾ ਦਾ ਹਿੱਤ ਪੂਰ ਰਹੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਮਹਾਮਾਰੀ ਦੇ ਸ਼ੁਰੂ ਤੋਂ ਹੀ ਮੌਤਾਂ ਤੇ ਕੇਸਾਂ ਨੂੰ ਅਬਾਦੀ ਦੇ ਅਨੁਪਾਤ ਵਜੋਂ ਦਿਖਾਇਆ ਗਿਆ ਜਦਕਿ ਟੈਸਟਿੰਗ ਦੇ ਪੂਰੇ ਅੰਕੜੇ ਦਿਖਾਏ ਗਏ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਲੋਕਾਂ ਨੂੰ ਗੁਮਰਾਹ ਕਰਨ ਲਈ ਕੀਤਾ ਗਿਆ ਕਿ ਕੇਸ ਤੇ ਮੌਤਾਂ ਫ਼ਿਕਰ ਵਿਚ ਪਾਉਣ ਵਾਲੀਆਂ ਨਹੀਂ ਹਨ ਅਤੇ ਟੈਸਟ ਦਰ ਕਾਫ਼ੀ ਹੈ। ਜਦਕਿ ਅਸਲ ਵਿਚ ਸਭ ਇਸ ਤੋਂ ਉਲਟ ਸੀ। -ਪੀਟੀਆਈ