ਕੋਲਕਾਤਾ, 9 ਜੁਲਾਈ
ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੇਨ ਨੇ ਅੱਜ ਕਿਹਾ ਦੇਸ਼ ਦੇ ਲੋਕਾਂ ਨੂੰ ਸਿਆਸੀ ਲਾਹੇ ਲਈ ਵੰਡਿਆ ਜਾ ਰਿਹਾ ਹੈ। ਉਨ੍ਹਾਂ ਅਫ਼ਸੋਸ ਜ਼ਾਹਿਰ ਕੀਤਾ ਕਿ ਸਿਆਸੀ ਕਾਰਨਾਂ ਕਰ ਕੇ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਣ ਦੀ ਬਸਤੀਵਾਦੀ ਪ੍ਰਥਾ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਦਹਾਕਿਆਂ ਬਾਅਦ ਵੀ ਜਾਰੀ ਹੈ।
ਸੇਨ ਨੇ ‘ਆਨੰਦਬਾਜ਼ਾਰ ਪੱਤ੍ਰਿਕਾ’ ਦੇ ਸ਼ਤਾਬਦੀ ਸਮਾਰੋਹ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਕਿਹਾ, ‘‘ਭਾਰਤੀਆਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ…ਸਿਆਸੀ ਮੌਕਾਪ੍ਰਸਤੀ ਲਈ ਹਿੰਦੂਆਂ ਤੇ ਮੁਸਲਮਾਨਾਂ ਦੀ ਸਹਿ ਹੋਂਦ ਵਿੱਚ ਇਕ ਦਰਾਰ ਪੈਦਾ ਕੀਤੀ ਜਾ ਰਹੀ ਹੈ।’’ ਜ਼ਿਕਰਯੋਗ ਹੈ ਕਿ ਸਥਾਨਕ ਭਾਸ਼ਾ ਦੇ ਇਸ ਅਖ਼ਬਾਰ ਦਾ ਪਹਿਲਾ ਐਡੀਸ਼ਨ 13 ਮਾਰਚ 1922 ਨੂੰ ਪ੍ਰਕਾਸ਼ਿਤ ਹੋਇਆ ਸੀ। ਇਸ ਦੇ ਸੰਸਥਾਪਕ ਸੰਪਾਦਕ ਪ੍ਰਫੁੱਲਕੁਮਾਰ ਸਰਕਾਰ ਸਨ। 88 ਸਾਲਾ ਅਰਥ ਸ਼ਾਸਤਰੀ ਨੇ ਕਿਹਾ, ‘‘ਉਸ ਵੇਲੇ (1922) ਸਿਆਸੀ ਕਾਰਨਾਂ ਕਰ ਕੇ ਦੇਸ਼ ਭਰ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਸੀ…ਮੈਂ ਉਸ ਵੇਲੇ ਕਾਫੀ ਜਵਾਨ ਹੁੰਦਾ ਸੀ ਤੇ ਅਕਸਰ ਇਹ ਸਵਾਲ ਪੁੱਛਦਾ ਰਹਿੰਦਾ ਸੀ ਕਿ ਬਿਨਾ ਕਿਸੇ ਜੁਰਮ ਤੋਂ ਲੋਕਾਂ ਨੂੰ ਜੇਲ੍ਹਾਂ ਵਿੱਚ ਭੇਜਣ ਦੀ ਇਹ ਪ੍ਰਥਾ ਕਦੇ ਬੰਦ ਹੋਵੇਗੀ ਜਾਂ ਨਹੀਂ। ਉਪਰੰਤ, ਭਾਰਤ ਆਜ਼ਾਦ ਹੋ ਗਿਆ ਪਰ ਇਹ ਪ੍ਰਥਾ ਅੱਜ ਵੀ ਜਾਰੀ ਹੈ।’’ -ਪੀਟੀਆਈ