ਨਵੀਂ ਦਿੱਲੀ, 17 ਦਸੰਬਰ
ਸੁਪਰੀਮ ਕੋਰਟ ਨੇ ਪੈਗਾਸਸ ਜਾਸੂਸੀ ਦੇ ਦੋਸ਼ਾਂ ਦੀ ਜਾਂਚ ਲਈ ਪੱਛਮੀ ਬੰਗਾਲ ਸਰਕਾਰ ਵੱਲੋਂ ਸਾਬਕਾ ਜੱਜ ਐੱਮ ਬੀ ਲੋਕੁਰ ਦੀ ਅਗਵਾਈ ਹੇਠ ਬਣਾਏ ਗਏ ਕਮਿਸ਼ਨ ਨੂੰ ਚੱਲ ਰਹੀ ਜਾਂਚ ’ਤੇ ਰੋਕ ਲਾਉਣ ਦੇ ਹੁਕਮ ਦਿੱਤੇ ਹਨ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਜਾਂਚ ’ਤੇ ਨਾਰਾਜ਼ਗੀ ਜਤਾਈ। ਬੈਂਚ ਨੇ ਇਸ ਗੱਲ ਦਾ ਨੋਟਿਸ ਵੀ ਲਿਆ ਕਿ ਪੱਛਮੀ ਬੰਗਾਲ ਸਰਕਾਰ ਵੱਲੋਂ ਜਾਂਚ ਜਾਰੀ ਨਾ ਰੱਖਣ ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਲੋਕੁਰ ਕਮਿਸ਼ਨ ਨੇ ਆਪਣੀ ਜਾਂਚ ਜਾਰੀ ਰੱਖੀ ਹੋਈ ਹੈ। ਬੈਂਚ ਨੇ ਕਿਹਾ,‘‘ਇਹ ਕੀ ਹੋ ਰਿਹਾ ਹੈ? ਪਿਛਲੀ ਵਾਰ ਤੁਸੀਂ (ਪੱਛਮੀ ਬੰਗਾਲ ਸਰਕਾਰ) ਭਰੋਸਾ ਦਿੱਤਾ ਸੀ ਕਿ ਕਮਿਸ਼ਨ ਜਾਂਚ ਨਹੀਂ ਕਰੇਗਾ ਅਤੇ ਕਿਹਾ ਸੀ ਕਿ ਹੁਕਮ ’ਚ ਇਸ ਨੂੰ ਰਿਕਾਰਡ ਕਰਨ ਦੀ ਲੋੜ ਨਹੀਂ ਹੈ। ਤੁਸੀਂ ਮੁੜ ਜਾਂਚ ਸ਼ੁਰੂ ਕਰ ਦਿੱਤੀ ਹੈ।’’ ਸੂਬਾ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਏ ਐੱਮ ਸਿੰਘਵੀ ਨੇ ਕਿਹਾ ਕਿ ਉਨ੍ਹਾਂ ਲੋਕੁਰ ਕਮਿਸ਼ਨ ਨੂੰ ਸੁਨੇਹਾ ਪਹੁੰਚਾ ਦਿੱਤਾ ਸੀ ਅਤੇ 27 ਅਕਤੂਬਰ ਤੱਕ ਹੁਕਮ ਪਹੁੰਚਣ ਤੱਕ ਕਾਰਵਾਈ ਨਹੀਂ ਰੋਕੀ ਸੀ। ਇਸ ਤੋਂ ਇਲਾਵਾ ਸਰਕਾਰ ਅਜਿਹਾ ਕੋਈ ਨਿਰਦੇਸ਼ ਨਹੀਂ ਦੇ ਸਕਦੀ ਹੈ। ਇਸ ’ਤੇ ਬੈਂਚ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਦਿਆਂ ਕਮਿਸ਼ਨ ਦੀ ਕਾਰਵਾਈ ’ਤੇ ਰੋਕ ਲਾ ਦਿੱਤੀ। ਵਕੀਲ ਐੱਮ ਐੱਲ ਸ਼ਰਮਾ ਨੇ ਕਿਹਾ ਕਿ ਪੱਛਮੀ ਬੰਗਾਲ ਕਮਿਸ਼ਨ ਦੀ ਜਾਂਚ ਅਦਾਲਤ ਦੀ ਇੱਜ਼ਤ ਹੱਤਕ ਹੈ ਜਿਸ ’ਤੇ ਬੈਂਚ ਨੇ ਕਿਹਾ ਕਿ ਉਹ ਇਸ ’ਤੇ ਵਿਚਾਰ ਕਰਨਗੇ। -ਪੀਟੀਆਈ