ਨਵੀਂ ਦਿੱਲੀ, 18 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤੀ ਸਮੁੰਦਰੀ ਖੇਤਰ ਵਿਚ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣੀ ਬਹੁਤ ਜ਼ਰੂਰੀ ਹੈ। ਇਸ ਨਾਲ ਹੀ ਵਪਾਰ ਤੇ ਹੋਰ ਆਰਥਿਕ ਗਤੀਵਿਧੀਆਂ ਵਧਣਗੀਆਂ। ਜਲ ਸੈਨਾ ਦੀ ਇਕ ਕਾਨਫਰੰਸ ਵਿਚ ਰੱਖਿਆ ਮੰਤਰੀ ਨੇ ਕਿਹਾ ਕਿ ਹਿੰਦ ਮਹਾਸਾਗਰ ਖੇਤਰ ਵਿਚ ਭਾਰਤ ਨੇਮ ਅਧਾਰਿਤ ਖੁੱਲ੍ਹੀ ਆਵਾਜਾਈ, ਮੁਕਤ ਵਪਾਰ ਦਾ ਹਾਮੀ ਹੈ। ਜ਼ਿਕਰਯੋਗ ਹੈ ਕਿ ਇਸ ਖਿੱਤੇ ਵਿਚ ਚੀਨ ਆਪਣਾ ਰਸੂਖ਼ ਵਧਾਉਣ ਦਾ ਯਤਨ ਕਰ ਰਿਹਾ ਹੈ। ਇਸੇ ਦੌਰਾਨ ਭਾਰਤ ਤੇ ਯੂਕੇ ਨੇ ਵੀ ਅੱਜ ਸਮੁੰਦਰੀ ਗਤੀਵਿਧੀਆਂ ਬਾਰੇ ਸੰਵਾਦ ਕੀਤਾ ਹੈ। ਇਸ ਮੌਕੇ ਸਮੁੰਦਰੀ ਖੇਤਰ ਤੇ ਭਾਰਤੀ ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਬਾਰੇ ਚਰਚਾ ਕੀਤੀ ਗਈ। -ਪੀਟੀਆਈ