ਨਵੀਂ ਦਿੱਲੀ, 14 ਜੂਨ
ਮਰਹੂਮ ਆਗੂ ਰਾਮ ਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਦਾ ਚਾਚਾ ਪਸ਼ੂਪਤੀ ਕੁਮਾਰ ਪਾਰਸ ਲੋਕ ਜਨਸ਼ਕਤੀ ਪਾਰਟੀ (ਐੱਲਜੇਪੀ) ਦਾ ਮੁਖੀ ਬਣ ਗਿਆ। ਪਾਰਟੀ ਦੇ ਛੇ ਸੰਸਦ ਮੈਂਬਰਾਂ ’ਚੋਂ ਪੰਜ ਨੇ ਚਿਰਾਗ ਖ਼ਿਲਾਫ਼ ਬਗ਼ਾਵਤ ਕਰਦਿਆਂ ਪਸ਼ੂਪਤੀ ਕੁਮਾਰ ਨੂੰ ਆਪਣਾ ਨੇਤਾ ਚੁਣ ਲਿਆ। ਇਸ ਘਟਨਾਕ੍ਰਮ ਨਾਲ ਬਿਹਾਰ ਦੀ ਸਿਆਸਤ ’ਚ ਖਲਬਲੀ ਮਚ ਗਈ ਹੈ। ਪਾਰਸ ਨੇ ਸੋਮਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵਧੀਆ ਆਗੂ ਅਤੇ ‘ਵਿਕਾਸ ਪੁਰਸ਼’ ਆਖਦਿਆਂ ਉਸ ਦੀ ਸ਼ਲਾਘਾ ਕੀਤੀ ਸੀ ਜਿਸ ਮਗਰੋਂ ਐੱਲਜੇਪੀ ’ਚ ਬਾਗ਼ੀ ਸੁਰਾਂ ਉਭਰ ਆਈਆਂ ਕਿਉਂਕਿ ਪਾਰਸ ਦਾ ਭਤੀਜਾ ਚਿਰਾਗ ਪਾਸਵਾਨ ਜਨਤਾ ਦਲ (ਯੂ) ਦੇ ਪ੍ਰਧਾਨ ਦਾ ਵੱਡਾ ਆਲੋਚਕ ਰਿਹਾ ਹੈ। ਹਾਜੀਪੁਰ ਤੋਂ ਸੰਸਦ ਮੈਂਬਰ ਪਾਰਸ ਨੇ ਪੱਤਰਕਾਰਾਂ ਨੂੰ ਕਿਹਾ,‘‘ਮੈਂ ਪਾਰਟੀ ਨਹੀਂ ਤੋੜੀ ਹੈ ਸਗੋਂ ਉਸ ਨੂੰ ਬਚਾਇਆ ਹੈ। ਜੇਕਰ ਚਿਰਾਗ ਚਾਹੇ ਤਾਂ ਉਹ ਪਾਰਟੀ ਦਾ ਹਿੱਸਾ ਬਣਿਆ ਰਹਿ ਸਕਦਾ ਹੈ।’’ ਉਸ ਨੇ ਦਾਅਵਾ ਕੀਤਾ ਕਿ ਪਾਰਟੀ ਦੇ 99 ਫ਼ੀਸਦੀ ਵਰਕਰ ਬਿਹਾਰ ’ਚ ਵਾਪਰੀਆਂ ਘਟਨਾਵਾਂ ਤੋਂ ਨਾਖੁਸ਼ ਸਨ ਕਿਉਂਕਿ ਚਿਰਾਗ ਦੀ ਅਗਵਾਈ ਹੇਠ ਪਾਰਟੀ ਨੇ ਜਨਤਾ ਦਲ (ਯੂ) ਦੀ ਖ਼ਿਲਾਫ਼ਤ ਕੀਤੀ ਸੀ ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ’ਚ ਖ਼ਰਾਬ ਪ੍ਰਦਰਸ਼ਨ ਕੀਤਾ ਸੀ। ਪਾਰਸ ਨੇ ਕਿਹਾ ਕਿ ਉਸ ਦਾ ਗੁੱਟ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਦਾ ਹਿੱਸਾ ਬਣਿਆ ਰਹੇਗਾ।
ਪੰਜ ਸੰਸਦ ਮੈਂਬਰਾਂ ਨੇ ਪਾਰਸ ਨੂੰ ਐੱਲਜੇਪੀ ਦਾ ਨੇਤਾ ਚੁਣੇ ਜਾਣ ਸਬੰਧੀ ਫ਼ੈਸਲੇ ਦੀ ਜਾਣਕਾਰੀ ਲੋਕ ਸਭਾ ਦੇ ਸਪੀਕਰ ਨੂੰ ਦੇ ਦਿੱਤੀ ਹੈ। ਪਾਰਸ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੇ ਤੁਰੰਤ ਮਗਰੋਂ ਚਿਰਾਗ ਪਾਸਵਾਨ ਚਾਚੇ ਦੇ ਘਰ ਪੁੱਜਿਆ। ਬਿਮਾਰ ਦਿਖਾਈ ਜਾਪ ਰਿਹਾ ਚਿਰਾਗ ਪਹਿਲਾਂ ਘਰ ਦੇ ਬਾਹਰ ਕਾਰ ਦੇ ਹੌਰਨ ਮਾਰਦਾ ਰਿਹਾ ਪਰ ਕਿਸੇ ਨੇ ਬਾਹਰਲਾ ਗੇਟ ਨਹੀਂ ਖੋਲ੍ਹਿਆ। ਕਰੀਬ 15-20 ਮਿੰਟਾਂ ਮਗਰੋਂ ਜਦੋਂ ਗੇਟ ਖੁੱਲ੍ਹਿਆ ਤਾਂ ਫਿਰ ਅੱਗੇ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਥੋੜ੍ਹੀ ਦੇਰ ਬਾਅਦ ਘਰ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਚਿਰਾਗ ਘਰ ਦੇ ਅੰਦਰ ਗਿਆ ਅਤੇ ਕਰੀਬ ਡੇਢ ਘੰਟੇ ਤੱਕ ਉਥੇ ਰਹਿਣ ਮਗਰੋਂ ਪਰਤ ਗਿਆ। ਘਰ ਦੇ ਨੌਕਰ ਨੇ ਕਿਹਾ ਕਿ ਪਾਰਸ ਅਤੇ ਪ੍ਰਿੰਸ ਰਾਜ ਘਰ ’ਚ ਮੌਜੂਦ ਨਹੀਂ ਸਨ। ਮੰਨਿਆ ਜਾ ਰਿਹਾ ਹੈ ਕਿ ਲੋਕ ਜਨਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਪ੍ਰਿੰਸ ਰਾਜ, ਚੰਦਨ ਸਿੰਘ, ਵੀਨਾ ਦੇਵੀ ਅਤੇ ਮਹਬਿੂਬ ਅਲੀ ਕੈਸਰ ਲੰਬੇ ਸਮੇਂ ਤੋਂ ਚਿਰਾਗ ਪਾਸਵਾਨ ਦੇ ਕੰਮਕਾਰ ਤੋਂ ਨਾਖੁਸ਼ ਸਨ। ਸੂਤਰਾਂ ਮੁਤਾਬਕ ਚਿਰਾਗ ਪਾਸਵਾਨ ਨੇ ਪਾਰਟੀ ਤੋੜਨ ਲਈ ਜਨਤਾ ਦਲ (ਯੂ) ਨੂੰ ਦੋਸ਼ੀ ਠਹਿਰਾਇਆ ਹੈ। -ਪੀਟੀਆਈ