ਨਵੀਂ ਦਿੱਲੀ, 23 ਜੁਲਾਈ
ਵਿਰੋਧੀ ਧਿਰ ਵੱਲੋਂ ਪੈਗਾਸਸ ਜਾਸੂਸੀ ਕਾਂਡ, ਕਿਸਾਨ ਅੰਦੋਲਨ, ਮਹਿੰਗਾਈ ਅਤੇ ਹੋਰ ਮੁੱਦਿਆਂ ’ਤੇ ਸਰਕਾਰ ਨੂੰ ਸੰਸਦ ’ਚ ਘੇਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਵੱਲੋਂ ਕੀਤੇ ਗਏ ਪ੍ਰਦਰਸ਼ਨ ਕਾਰਨ ਅੱਜ ਫਿਰ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਨਹੀਂ ਚੱਲ ਸਕੀ। ਹੁਣ ਲੋਕ ਸਭਾ ਅਤੇ ਰਾਜ ਸਭਾ ਸੋਮਵਾਰ ਨੂੰ ਮੁੜ ਜੁੜੇਗੀ। ਲੋਕ ਸਭਾ ’ਚ ਸਪੀਕਰ ਦੇ ਆਸਣ ’ਤੇ ਬਿਰਾਜਮਾਨ ਕਿਰਿਤ ਸੋਲੰਕੀ ਨੇ ਪ੍ਰਦਰਸ਼ਨ ਕਰ ਰਹੇ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਜਾਣ ਨੂੰ ਕਿਹਾ ਪਰ ਉਹ ਨਾ ਮੰਨੇ। ਹੰਗਾਮੇ ਸਦਨ ’ਚ ਕੁਝ ਸਮੇਂ ਲਈ ਕੰਮਕਾਰ ਵੀ ਹੋਇਆ ਅਤੇ ਵੱਖ ਵੱਖ ਸੰਸਦੀ ਕਮੇਟੀਆਂ ’ਚ ਨਵੇਂ ਮੈਂਬਰਾਂ ਦੀ ਨਿਯੁਕਤੀ ਅਤੇ ਚੋਣ ਬਾਰੇ ਮਤੇ ਪਾਸ ਕੀਤੇ ਗਏ ਕਿਉਂਕਿ ਕੁਝ ਮੈਂਬਰ ਹੁਣ ਮੰਤਰੀ ਬਣ ਗਏ ਹਨ। ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤੇ ਜਾਣ ’ਤੇ ਸੋਲੰਕੀ ਨੇ ਕਿਹਾ ਕਿ ਸਦਨ ਦੇ ਚੁਣੇ ਗਏ ਸੀਨੀਅਰ ਮੈਂਬਰਾਂ ਵੱਲੋਂ ਅਪਣਾਇਆ ਗਿਆ ਇਹ ਵਤੀਰਾ ਜਾਇਜ਼ ਨਹੀਂ ਹੈ। ਇਸ ਮਗਰੋਂ ਉਨ੍ਹਾਂ ਦਿਨ ਭਰ ਲਈ ਸਦਨ ਦੀ ਕਾਰਵਾਈ ਉਠਾ ਦਿੱਤੀ।
ਉਧਰ ਪੈਗਾਸਸ ਜਾਸੂਸੀ ਕਾਂਡ ’ਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਕਾਰਨ ਰਾਜ ਸਭਾ ਦੀ ਕਾਰਵਾਈ ਵੀ ਦਿਨ ਭਰ ਲਈ ਉਠਾਉਣੀ ਪਈ। ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਜਾਸੂਸੀ ਕਾਂਡ ’ਤੇ ਬਹਿਸ ਕਰਾਉਣ ਦੀ ਮੰਗ ਦੌਰਾਨ ਸੰਸਦ ਦੇ ਉਪਰਲੇ ਸਦਨ ਦੀ ਕਾਰਵਾਈ ਸ਼ੁੱਕਰਵਾਰ ਨੂੰ ਚਾਰ ਵਾਰ ਮੁਲਤਵੀ ਕਰਨੀ ਪਈ। ਸਦਨ ਜਦੋਂ ਦੁਪਹਿਰ ਢਾਈ ਵਜੇ ਚੌਥੀ ਵਾਰ ਜੁੜਿਆ ਤਾਂ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਪੈਗਾਸਸ ਸਪਾਈਵੇਅਰ ਵਿਵਾਦ ’ਤੇ ਬਹਿਸ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ,‘‘ਮੈਂ ਨਿਯਮ 267 ਤਹਿਤ ਨੋਟਿਸ ਦਿੱਤਾ ਹੈ ਤਾਂ ਜੋ ਮੀਡੀਆ ’ਚ ਸਰਕਾਰ ’ਤੇ ਸਿਆਸਤਦਾਨਾਂ, ਜੱਜਾਂ ਅਤੇ ਪੱਤਰਕਾਰਾਂ ਖ਼ਿਲਾਫ਼ ਜਾਸੂਸੀ ਕਰਵਾਏ ਜਾਣ ਦੇ ਦੋਸ਼ਾਂ ’ਤੇ ਬਹਿਸ ਹੋ ਸਕੇ।’’ ਰਾਜ ਸਭਾ ਦੇ ਚੇਅਰਮੈਨ ਦੀ ਕੁਰਸੀ ’ਤੇ ਬੈਠੇ ਭੁਬਨੇਸ਼ਵਰ ਕਲੀਤਾ ਨੇ ਕਿਹਾ ਕਿ ਇਸ ਬਾਰੇ ਸਰਕਾਰ ਨੇ ਪਹਿਲਾਂ ਹੀ ਬਿਆਨ ਦੇ ਦਿੱਤਾ ਹੈ ਅਤੇ ਇਸ ਮੁੱਦੇ ’ਤੇ ਚਰਚਾ ਸ਼ੁਰੂ ਹੋ ਚੁੱਕੀ ਹੈ। ‘ਜੇਕਰ ਹੁਣ ਤੁਸੀਂ ਕੁਝ ਆਖਣਾ ਚਾਹੁੰਦੇ ਹੋ ਤਾਂ ਇਸ ’ਤੇ ਬਹਿਸ ਦੌਰਾਨ ਆਖ ਸਕਦੇ ਹੋ ਪਰ ਇੰਜ ਕੁਝ ਵੀ ਨਾ ਬੋਲੋ।’
ਸਦਨ ਦੇ ਉਪ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਨੇ ਪਹਿਲਾਂ ਹੀ ਇਸ ਮੁੱਦੇ ’ਤੇ ਜਵਾਬ ਦੇ ਦਿੱਤਾ ਹੈ। ਵਿਰੋਧੀ ਧਿਰ ਦੇ ਮੈਂਬਰ ਇਸ ’ਤੇ ਸ਼ਾਂਤ ਨਹੀਂ ਹੋਏ ਅਤੇ ਉਹ ਪ੍ਰਦਰਸ਼ਨ ਕਰਦੇ ਰਹੇ। ਹੰਗਾਮਾ ਵਧਦਿਆਂ ਦੇਖ ਕੇ ਸ੍ਰੀ ਕਲਿਤਾ ਨੇ ਰਾਜ ਸਭਾ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ। -ਪੀਟੀਆਈ