ਨਵੀਂ ਦਿੱਲੀ, 4 ਅਪਰੈਲ
ਰਾਜਧਾਨੀ ਵਿੱਚ ਜਲਦੀ ਹੀ ਪਾਰਕਾਂ ਦਾ ਨਾਮ ਦਿੱਲੀ ਦੇ ਅਣਗਿਣਤ ਆਜ਼ਾਦੀ ਘੁਲਾਟੀਆਂ ਦੇ ਨਾਮ ’ਤੇ ਰੱਖਿਆ ਜਾਵੇਗਾ, ਜੋ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਪ੍ਰਤੀ ਮਾਨਤਾ ਅਤੇ ਸਨਮਾਨ ਹੋਵੇਗਾ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਡੀਏ ਵੱਲੋਂ 16 ਪਾਰਕਾਂ ਦੀ ਸੂਚੀ ਦਿੱਲੀ ਸਰਕਾਰ ਨੂੰ ਭੇਜੀ ਗਈ ਹੈ, ਜਿਨ੍ਹਾਂ ਦਾ ਨਾਮ ਲਾਲਾ ਹਰਦਿਆਲ, ਕਰਨਲ ਗੁਰਬਖਸ਼ ਸਿੰਘ ਢਿੱਲੋਂ, ਜਨਰਲ ਸ਼ਾਹ ਨਵਾਜ਼ ਖਾਨ, ਗੋਬਿੰਦ ਬਿਹਾਰੀ ਲਾਲ, ਕਰਨਲ ਪ੍ਰੇਮ ਸਹਿਗਲ ਅਤੇ ਬਸੰਤ ਕੁਮਾਰ ਵਿਸ਼ਵਾਸ ਵਰਗੇ ਆਜ਼ਾਦੀ ਘੁਲਾਟੀਆਂ ਦੇ ਨਾਮ ’ਤੇ ਰੱਖਿਆ ਜਾਵੇਗਾ। ਅਧਿਕਾਰੀਆਂ ਮੁਤਾਬਕ ਦਿੱਲੀ ਦੇ ਆਜ਼ਾਦੀ ਘੁਲਾਟੀਆਂ, ਜਿਨ੍ਹਾਂ ਦੇ ਯੋਗਦਾਨ ਬਾਰੇ ਲੋਕਾਂ ਨੂੰ ਬਹੁਤਾ ਪਤਾ ਨਹੀਂ ਹੈ, ਦੇ ਨਾਮ ’ਤੇ ਪਾਰਕਾਂ ਦਾ ਨਾਮ ਰੱਖਣ ਦਾ ਫ਼ੈਸਲਾ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਪਿਛਲੇ ਵਰ੍ਹੇ ਦਸੰਬਰ ਮਹੀਨੇ ਲਿਆ ਗਿਆ ਸੀ। ਪਾਰਕਾਂ ਦਾ ਨਾਮ ਆਜ਼ਾਦੀ ਘੁਲਾਟੀਆਂ ਦੇ ਨਾਮ ’ਤੇ ਰੱਖਣ ਦੀ ਤਜ਼ਵੀਜ਼ ਨੂੰ ਮਨਜ਼ੂਰੀ ਲਈ ‘ਸਟੇਟ ਨੇਮਸ ਕਮੇਟੀ’ ਕੋਲ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮੇਟੀ ਦੀ ਮਨਜ਼ੂਰੀ ਮਿਲਣ ਮਗਰੋਂ ਆਜ਼ਾਦੀ ਘੁਲਾਟੀਏ ਦੇ ਨਾਮ ਵਾਲੀ ਪਲੇਟ ਪਾਰਕ ਵਿੱਚ ਸਥਾਪਤ ਕੀਤੀ ਜਾਵੇਗੀ ਅਤੇ ਸੰਖੇਪ ਜੀਵਨ ਵੇਰਵਾ ਲਿਖਿਆ ਜਾਵੇਗਾ। ਉਨ੍ਹਾਂ ਮੁਤਾਬਕ ਮਿਉਂਸਿਪਲ ਕਾਰਪੋਰੇਸ਼ਨਾਂ ਵੱਲੋਂ ਉਨ੍ਹਾਂ ਪਾਰਕਾਂ ਦੀ ਸੂਚੀ ਵੀ ਭੇਜਣ ਦੀ ਸੰਭਾਵਨਾ ਹੈ, ਜਿਨ੍ਹਾਂ ਦਾ ਨਾਮ ਦਿੱਲੀ ਦੇ ਸੁਤੰਤਰਤਾ ਸੈਨਾਨੀਆਂ ਦੇ ਨਾਮ ’ਤੇ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਿਉਂਸਪਲ ਕਾਰਪੋਰੇਸ਼ਨਾਂ ਵੱਲੋਂ ਵੀ ਉਨ੍ਹਾਂ ਪਾਰਕਾਂ ਦੀ ਸੂਚੀ ਭੇਜਣ ਦੀ ਸੰਭਾਵਨਾ ਹੈ ਜਿਨ੍ਹਾਂ ਦਾ ਨਾਂ ਦਿੱਲੀ ਦੇ ਸੁਤੰਤਰਤਾ ਸੈਨਾਨੀਆਂ ਦੇ ਨਾਂ ’ਤੇ ਰੱਖਿਆ ਜਾ ਸਕਦਾ ਹੈ। -ਏਜੰਸੀ