ਇੰਫੋਸਿਸ ਖ਼ਿਲਾਫ਼ ਛਪੇ ਲੇਖ ’ਤੇ ਦਿੱਤੀ ਸਫ਼ਾਈ
ਲੇਖ ’ਚ ਇੰਫੋਸਿਸ ’ਤੇ ਟੁੱਕੜੇ-ਟੁੱਕੜੇ ਗੈਂਗ, ਨਕਸਲੀਆਂ ਅਤੇ ਹੋਰ ਦੇਸ਼ ਵਿਰੋਧੀ ਤਾਕਤਾਂ ਦੀ ਸਹਾਇਤਾ ਕਰਨ ਦਾ ਲਾਇਆ ਗਿਆ ਹੈ ਦੋਸ਼
ਨਵੀਂ ਦਿੱਲੀ, 5 ਸਤੰਬਰ
ਪੰਚਜਨਯ ਰਸਾਲੇ ’ਚ ਸਾਫ਼ਟਵੇਅਰ ਕੰਪਨੀ ਇੰਫੋਸਿਸ ’ਤੇ ਮੁਲਕ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਬਾਰੇ ਪ੍ਰਕਾਸ਼ਿਤ ਲੇਖ ਤੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੇ ਪਾਸਾ ਵੱਟ ਲਿਆ ਹੈ। ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਸੰਘ ਦੇ ਅਖਿਲ ਭਾਰਤੀ ਪ੍ਰਚਾਰ ਪ੍ਰਮੁੱਖ ਸੁਨੀਲ ਅੰਬੇਕਰ ਨੇ ਕਿਹਾ ਕਿ ਪੰਚਜਨਯ ’ਚ ਛਪੇ ਲੇਖ ’ਚ ਲੇਖਕ ਦੇ ਆਪਣੇ ਵਿਚਾਰ ਹਨ ਅਤੇ ਉਸ ਦਾ ਆਰਐੱਸਐੱਸ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ,‘‘ਭਾਰਤੀ ਕੰਪਨੀ ਹੋਣ ਦੇ ਨਾਤੇ ਇੰਫੋਸਿਸ ਨੇ ਦੇਸ਼ ਦੀ ਤਰੱਕੀ ’ਚ ਅਹਿਮ ਯੋਗਦਾਨ ਪਾਇਆ ਹੈ। ਇੰਫੋਸਿਸ ਵੱਲੋਂ ਚਲਾਏ ਜਾ ਰਹੇ ਪੋਰਟਲ ’ਚ ਭਾਵੇਂ ਕੁਝ ਦਿੱਕਤਾਂ ਹੋ ਸਕਦੀਆਂ ਹਨ ਪਰ ਪੰਚਜਨਯ ’ਚ ਛਪੇ ਲੇਖ ’ਚ ਸਿਰਫ਼ ਲੇਖਕ ਦੇ ਨਿੱਜੀ ਵਿਚਾਰ ਹਨ।’’ ਉਨ੍ਹਾਂ ਕਿਹਾ ਕਿ ਪੰਚਜਨਯ ਸੰਘ ਦਾ ਮੁੱਖ ਪੱਤਰ ਨਹੀਂ ਹੈ ਅਤੇ ਪ੍ਰਕਾਸ਼ਿਤ ਲੇਖ ’ਚ ਪ੍ਰਗਟਾਏ ਗਏ ਵਿਚਾਰਾਂ ਨੂੰ ਸੰਘ ਨਾਲ ਨਾ ਜੋੜਿਆ ਜਾਵੇ। ਪੰਚਜਨਯ ਨੇ ਕਵਰ ਸਟੋਰੀ ‘ਸਾਖ ਔਰ ਆਘਾਤ’ ’ਚ ਇੰਫੋਸਿਸ ’ਤੇ ਦੋਸ਼ ਲਾਇਆ ਸੀ ਕਿ ਉਹ ‘ਟੁੱਕੜੇ-ਟੁੱਕੜੇ ਗੈਂਗ’, ਨਕਸਲੀਆਂ ਅਤੇ ਹੋਰ ਦੇਸ਼ ਵਿਰੋਧੀ ਤਾਕਤਾਂ ਦੀ ਸਹਾਇਤਾ ਕਰ ਰਹੀ ਹੈ। ਇੰਫੋਸਿਸ ਵੱਲੋਂ ਵਿਕਸਤ ਆਮਦਨ ਕਰ ਪੋਰਟਲ ’ਚ ਨੁਕਸ ਪੈਣ ਵੱਲ ਇਸ਼ਾਰਾ ਕਰਦਿਆਂ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਨਿਵੇਸ਼ਕਾਂ ਤੇ ਟੈਕਸਦਾਤਿਆਂ ਦਾ ਭਰੋਸਾ ਟੁੱਟਿਆ ਹੈ ਅਤੇ ਭਾਰਤੀ ਅਰਥਚਾਰੇ ਨੂੰ ਢਾਹ ਲੱਗੀ ਹੈ। ਲੇਖ ’ਚ ਇੰਫੋਸਿਸ ਨੂੰ ‘ਨਾਮ ਬੜੇ ਔਰ ਦਰਸ਼ਨ ਛੋਟੇ’ ਵਾਲੀ ਕੰਪਨੀ ਕਰਾਰ ਦਿੱਤਾ ਗਿਆ ਹੈ। ਲੇਖ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇੰਫੋਸਿਸ ਨੇ ਸਰਕਾਰੀ ਪ੍ਰਾਜੈਕਟ ਨਾਲ ਅਜਿਹਾ ‘ਧ੍ਰੋਹ’ ਕਮਾਇਆ ਹੈ। ਲੇਖ ਮੁਤਾਬਕ ਇੰਫੋਸਿਸ ਦੀ ਮੈਨੇਜਮੈਂਟ ਜਾਣ-ਬੁੱਝ ਕੇ ਭਾਰਤੀ ਅਰਥਚਾਰੇ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। -ਆਈਏਐਨਐਸ