ਜੰਮੂ: ਪਾਕਿਸਤਾਨ ਦੇ ਰੇਂਜਰਾਂ ਨੇ ਜੰਮੂ ਕਸ਼ਮੀਰ ਵਿਚ ਕੌਮਾਂਤਰੀ ਸਰਹੱਦ ’ਤੇ ਗੋਲੀਬਾਰੀ ਕਰ ਕੇ ਗੋਲੀਬੰਦੀ ਦੀ ਉਲੰਘਣਾ ਕੀਤੀ। ਪਾਕਿਸਤਾਨੀ ਬਲਾਂ ਨੇ ਬਿਨਾਂ ਕਿਸੇ ਭੜਕਾਹਟ ਤੋਂ ਬੀਐੱਸਐਫ ਨੂੰ ਨਿਸ਼ਾਨਾ ਬਣਾਇਆ। ਜੰਮੂ ਜ਼ਿਲ੍ਹੇ ਦੇ ਅਰਨੀਆ ਸੈਕਟਰ ’ਚ ਬੀਐੱਸਐਫ ਨੇ ਵੀ ਪਾਕਿਸਤਾਨੀ ਰੇਂਜਰਾਂ ਨੂੰ ‘ਮੂੰਹ ਤੋੜ ਜਵਾਬ’ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਨੇ 20 ਫਰਵਰੀ, 2021 ਵਿਚ ਗੋਲੀਬੰਦੀ ਸਮਝੌਤਾ ਕੀਤਾ ਸੀ ਤੇ ਉਸ ਤੋਂ ਬਾਅਦ ਅਜਿਹੀਆਂ ਘਟਨਾਵਾਂ ਕਾਫ਼ੀ ਘੱਟ ਵਾਪਰੀਆਂ ਹਨ। ਸੀਮਾ ਸੁਰੱਖਿਆ ਬਲ ਦੇ ਡੀਆਈਜੀ ਐੱਸਪੀਐੱਸ ਸੰਧੂ ਨੇ ਦੱਸਿਆ ਕਿ, ‘ਅੱਜ ਸਵੇਰੇ ਚੌਕਸ ਬੀਐੱਸਐਫ ਜਵਾਨਾਂ ਨੇ ਪਾਕਿਸਤਾਨੀ ਰੇਂਜਰਾਂ ਵੱਲੋਂ ਗਸ਼ਤ ਕਰ ਰਹੀ ਟੀਮ ਉਤੇ ਕੀਤੀ ਗਈ ਫਾਇਰਿੰਗ ਦਾ ਮੂੰਹ-ਤੋੜ ਜਵਾਬ ਦਿੱਤਾ।’ ਬੀਐੱਸਐਫ ਨੇ ਦੱਸਿਆ ਕਿ ਭਾਰਤ ਵਾਲੇ ਪਾਸੇ ਕੋਈ ਫੱਟੜ ਨਹੀਂ ਹੋਇਆ ਹੈ। ਵੇਰਵਿਆਂ ਮੁਤਾਬਕ ਖਨੌਰ ’ਚ ਤਾਇਨਾਤ ਪਾਕਿਸਤਾਨੀ ਰੇਂਜਰਾਂ ਨੇ ਸਰਹੱਦੀ ਖੇਤਰ ’ਚ ਕੰਡਿਆਲੀ ਤਾਰ ਨੇੜੇ ਬੀਐੱਸਐਫ ਪਾਰਟੀ ’ਤੇ ਗੋਲੀਬਾਰੀ ਕੀਤੀ। ਬੀਐੱਸਐਫ ਜਵਾਨ ਸਰਹੱਦੀ ਚੌਕੀ ਚਿਨਾਜ਼ ’ਤੇ ਸਵੇਰੇ 8.55 ’ਤੇ ‘ਮੁਰੰਮਤ ਦਾ ਕੋਈ ਕੰਮ ਕਰ ਰਹੇ ਸਨ।’ ਬੀਐੱਸਐਫ ਦੇ ਜਵਾਨਾਂ ਨੇ ਵੀ ਗੋਲੀਬਾਰੀ ਦਾ ਜਵਾਬ ਦਿੱਤਾ ਤੇ ਕੁਝ ਸਮੇਂ ਤੱਕ ਦੋਵਾਂ ਪਾਸਿਓਂ ਗੋਲੀਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਪਾਸਿਓਂ ਕਰੀਬ 15-20 ਗੋਲੀਆਂ ਚੱਲੀਆਂ। ਸੀਨੀਅਰ ਅਧਿਕਾਰੀ ਸਰਹੱਦੀ ਚੌਕੀ ਉਤੇ ਪਹੁੰਚ ਗਏ ਹਨ ਤੇ ਸਥਿਤੀ ਉਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਦੱਸਣਯੋਗ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਗੋਲੀਬੰਦੀ ਸਮਝੌਤਾ ਹੋਣ ਕਾਰਨ ਇਲਾਕਾ ਵਾਸੀਆਂ ਤੇ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੀ ਸੀ। ਕਿਸਾਨਾਂ ਵੱਲੋਂ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ ਨੇੜੇ ਆਮ ਵਾਂਗ ਖੇਤੀਬਾੜੀ ਕੀਤੀ ਜਾ ਰਹੀ ਹੈ। -ਪੀਟੀਆਈ
ਫਲੈਗ ਮੀਟਿੰਗ ’ਚ ਗੋਲੀਬੰਦੀ ਦੇ ਪਾਲਣ ਬਾਰੇ ਸਹਿਮਤੀ ਬਣੀ
ਜੰਮੂ: ਕੌਮਾਂਤਰੀ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਤੋਂ ਕੁਝ ਘੰਟੇ ਬਾਅਦ ਪਾਕਿਸਤਾਨੀ ਰੇਂਜਰਾਂ ਤੇ ਬੀਐੱਸਐਫ ਨੇ ਫਲੈਗ ਮੀਟਿੰਗ ਕੀਤੀ। ਉਨ੍ਹਾਂ ‘ਵਰਤਮਾਨ ਨਿਯਮਾਂ’ ਦਾ ਸਤਿਕਾਰ ਕਰਨ ਉਤੇ ਸਹਿਮਤੀ ਪ੍ਰਗਟ ਕੀਤੀ। ਡੀਆਈਜੀ ਐੱਸਪੀਐੱਸ ਸੰਧੂ ਨੇ ਦੱਸਿਆ ਕਿ ਕੰਪਨੀ ਕਮਾਂਡਰ ਪੱਧਰ ਦੀ ਮੀਟਿੰਗ ਬਾਅਦ ਦੁਪਹਿਰ 1.45 ’ਤੇ ਸੁਖਾਵੇਂ ਮਾਹੌਲ ਵਿਚ ਹੋਈ। ਉਨ੍ਹਾਂ ਕਿਹਾ ਕਿ ਬੈਠਕ ਵਿਚ ਗੋਲੀਬਾਰੀ ਦਾ ਮੁੱਦਾ ਵਿਚਾਰਿਆ ਗਿਆ ਤੇ ਦੋਵੇਂ ਧਿਰਾਂ ਵੱਧ ਤੋਂ ਵੱਧ ਸਾਵਧਾਨੀ ਵਰਤਣ ’ਤੇ ਸਹਿਮਤ ਹੋਈਆਂ। -ਪੀਟੀਆਈ