ਜੰਮੂ, 26 ਅਕਤੂਬਰ
ਜੰਮੂ-ਕਸ਼ਮੀਰ ਭਾਜਪਾ ਮੁਖੀ ਰਵਿੰਦਰ ਰੈਣਾ ਨੇ ਅੱਜ ਕਿਹਾ ਕਿ ਪਾਕਿਸਤਾਨ ਅਤੇ ਚੀਨ ਵੱਲੋਂ ਦੱਬੀ ਗਈ ਭਾਰਤ ਦੀ ਇੰਚ-ਇੰਚ ਜ਼ਮੀਨ ਲੈ ਕੇ ਰਹਾਂਗੇ, ਫ਼ੌਜ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਾਂਗੇ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੈਟਿਕ (ਪੀਡੀਪੀ) ਮੁਖੀ ਮਹਬਿੂਬਾ ਮੁਫ਼ਤੀ ਦੇ ਤਿਰੰਗੇ ਝੰਡੇ ਸਬੰਧੀ ਦਿੱਤੇ ਬਿਆਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ, ‘‘ਜੇਕਰ ਅਜਿਹੇ ਆਗੂ ਭਾਰਤ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਉਹ ਕੌਮੀ ਝੰਡੇ ਦਾ ਸਨਮਾਨ ਕਰਨ ਨਹੀਂ ਤਾਂ ਉਨ੍ਹਾਂ ਨੂੰ ਘੜੀਸ ਕੇ ਦੇਸ਼ ਵਿੱਚੋਂ ਕੱਢਿਆ ਦਿੱਤਾ ਜਾਵੇਗਾ ਅਤੇ ਪਾਕਿਸਤਾਨ ਵਿੱਚ ਸੁੱਟ ਦਿੱਤਾ ਜਾਵੇਗਾ।’’ ਆਖ਼ਰੀ ਡੋਗਰਾ ਸਾਸ਼ਕ ਮਹਾਰਾਜਾ ਹਰੀ ਸਿੰਘ 26 ਅਕਤੂਬਰ 1947 ਨੂੰ ਜੰਮੂ ਕਸ਼ਮੀਰ ਨੂੰ ਭਾਰਤ ਵਿੱਚ ਸ਼ਾਮਲ ਕਰਨ ਲਈ ਸਹਿਮਤ ਹੋ ਗਏ ਸਨ। ਇਸ ਦਿਨ ਨੂੰ ਰਲੇਵਾਂ ਵਰ੍ਹੇਗੰਢ ਵਜੋਂ ਮਨਾਉਂਦਿਆਂ ਜੰਮੂ ਕਸ਼ਮੀਰ ਭਾਜਪਾ ਮੁਖੀ ਰੈਣਾ ਦੀ ਅਗਵਾਈ ਵਿੱਚ ਗਾਂਧੀ ਨਗਰ ਤੋਂ ਇੱਥੇ ਮਹਾਰਾਜਾ ਹਰੀ ਸਿੰਘ ਪਾਰਕ ਤੱਕ ‘ਤਿਰੰਗਾ ਰੈਲੀ’ ਕੱਢੀ ਗਈ। ਇਸ ਦੌਰਾਨ ਉਨ੍ਹਾਂ ਕਿਹਾ, ‘‘ਹਾਲਾਂਕਿ, ਪਾਕਿਸਤਾਨ ਹਮਾਇਤੀ ਕਬਾਲੀਆਂ ਨੇ ਹਮਲਾ ਕੀਤਾ ਅਤੇ ਸਾਡੀ ਜ਼ਮੀਨ ਦੇ ਇੱਕ ਵੱਡੇ ਹਿੱਸੇ ’ਤੇ ਜਬਰੀ ਕਬਜ਼ਾ ਕਰ ਲਿਆ, ਜਿਸ ਵਿੱਚ ਮੁਜ਼ੱਫਰਾਬਾਦ, ਮੀਰਪੁਰ, ਕੋਟਲੀ, ਭੀਮਬਾਰ, ਬਾਗ਼, ਪਲੰਦਰੀ, ਸੁਦਨੋਤੀ, ਦੇਵਾ ਬਟਾਲਾ, ਨੀਲਮ ਘਾਟੀ ਦੇ ਨਾਲ ਨਾਲ ਗਿਲਗਿਤ ਅਤੇ ਬਾਲਿਸਤਾਨ ਸ਼ਾਮਲ ਹਨ।’’ ਰੈਣਾ ਨੇ ਕਿਹਾ ਕਿ ਸਾਰੇ ਖੇਤਰ ’ਤੇ ਪਾਕਿਸਤਾਨ ਅਤੇ ਚੀਨ ਦੇ ਗ਼ੈਰ-ਕਾਨੂੰਨੀ ਕਬਜ਼ੇ ਹੇਠ ਹਨ। ਭਾਜਪਾ ਦੇ ਵਾਹਨਾਂ ’ਤੇ ਸਵਾਰ ਦਰਜਨਾਂ ਕਾਰਕੁਨਾਂ ਨੇ ਸ੍ਰੀਨਗਰ ਵਿੱਚ ਇਸ ਦਿਵਸ ਮੌਕੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਅਤੇ ਮਹਬਿੂਬਾ ਮੁਫ਼ਤੀ ਦੀ ਰਿਹਾਇਸ਼ ਅੱਗੇ ਨਾਅਰੇਬਾਜ਼ੀ ਕੀਤੀ। -ਪੀਟੀਆਈ
ਸ੍ਰੀਨਗਰ ’ਚ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕਰਦੇ ਤਿੰਨ ਕਾਬੂ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਤੋਂ ਭਾਜਪਾ ਕਾਰਕੁਨ ਹੋਣ ਦਾ ਦਾਅਵਾ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਅੱਜ ਉਦੋਂ ਹਿਰਾਸਤ ਵਿੱਚ ਲਿਆ ਗਿਆ, ਜਦੋਂ ਉਹ ਇੱਥੇ ਸ਼ਹਿਰ ਦੇ ਇਤਿਹਾਸਕ ਘੰਟਾ ਘਰ ’ਤੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਅੱਜ ਸਵੇਰੇ ਲਾਲ ਚੌਕ ਦੇ ਘੰਟਾ ਘਰ ’ਤੇ ਤਿਰੰਗਾ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕਰਦੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਨੇ ਖ਼ੁਦ ਨੂੰ ਉਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਤੋਂ ਭਾਜਪਾ ਕਾਰਕੁਨ ਹੋਣ ਦਾ ਦਾਅਵਾ ਕੀਤਾ ਅਤੇ ‘ਭਾਰਤ ਮਾਤਾ ਕੀ ਜੈ’ ਅਤੇ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਘੰਟਾ ਘਰ ’ਤੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਨ੍ਹਾਂ ਤਿੰਨਾਂ ’ਚੋਂ ਇੱਕ ਨੇ ਕਿਹਾ ਕਿ ਉਹ ਕਸ਼ਮੀਰ ਦੇ ਹਰ ਹਿੱਸੇ ਵਿੱਚ ਤਿਰੰਗਾ ਲਹਿਰਾਉਣਗੇ। ਜ਼ਿਕਰਯੋਗ ਹੈ ਕਿ ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਉਦੋਂ ਤੱਕ ਤਿਰੰਗਾ ਨਹੀਂ ਚੁੱਕੇਗੀ, ਜਦੋਂ ਤੱਕ ਜੰਮੂ ਕਸ਼ਮੀਰ ਦਾ ਪੁਰਾਣਾ ਦਰਜਾ ਬਹਾਲ ਨਹੀਂ ਕੀਤਾ ਜਾਂਦਾ। -ਪੀਟੀਆਈ
ਤਿੰਨ ਪੀਡੀਪੀ ਆਗੂਆਂ ਨੇ ਅਸਤੀਫ਼ੇ ਦਿੱਤੇ
ਜੰਮੂ: ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਮੁਖੀ ਮਹਬਿੂਬਾ ਮੁਫ਼ਤੀ ਦੇ ਤਿਰੰਗੇ ਝੰਡੇ ਸਬੰਧੀ ਦਿੱਤੇ ਬਿਆਨ ਖ਼ਿਲਾਫ਼ ਤਿੰਨ ਸੀਨੀਅਰ ਆਗੂਆਂ ਟੀਐੱਸ ਬਾਜਵਾ, ਵੇਦ ਮਹਾਜਨ ਅਤੇ ਹੁਸੈਨ ਵਫ਼ਾ ਨੇ ਅੱਜ ਪਾਰਟੀ ਤੋਂ ਅਸਤੀਫ਼ੇ ਦੇ ਦਿੱਤੇ। ਇਹ ਆਗੂ ਮਹਬਿੂਬਾ ਦੇ ਪਿਤਾ ਮਰਹੂਮ ਮੁਫ਼ਤੀ ਮੁਹੰਮਦ ਸਈਦ ਦੇ ਸਮੇਂ ਤੋਂ ਪੀਡੀਪੀ ਨਾਲ ਕੰਮ ਕਰਦੇ ਆ ਰਹੇ ਸਨ। -ਆਈਏਐੱਨਐੱਸ