ਭੁਪਾਲ, 6 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਵਾਮਿਤਵ ਯੋਜਨਾ ਨੇ ਪਿੰਡਾਂ ਦੇ ਅਰਥਚਾਰੇ ਨੂੰ ਮਜ਼ਬੂਤ ਕੀਤਾ ਅਤੇ ਇਹ ਯੋਜਨਾ ਦੇਸ਼ ਦੇ ਪਿੰਡਾਂ ਦੇ ਵਿਕਾਸ ’ਚ ਨਵਾਂ ਅਧਿਆਏ ਲਿਖੇਗੀ। ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ’ਚ ਇਕ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਸੂਬਿਆਂ ’ਚ ਪਾਇਲਟ ਆਧਾਰ ’ਤੇ ਸਵਾਮਿਤਵ ਯੋਜਨਾ ਸਫ਼ਲਤਾਪੂਰਬਕ ਲਾਗੂ ਹੋ ਚੁੱਕੀ ਹੈ ਅਤੇ ਇਸ ਨੂੰ ਹੁਣ ਕੌਮੀ ਪੱਧਰ ’ਤੇ ਲਾਗੂ ਕੀਤਾ ਜਾਵੇਗਾ। ‘ਇਹ ਹੁਣ ਮੁਲਕ ’ਚ ਗ੍ਰਾਮ ਸਵਰਾਜ ਦੀ ਮਿਸਾਲ ਬਣੇਗੀ।’ ਪ੍ਰਧਾਨ ਮੰਤਰੀ ਨੇ ਇਸ ਮੌਕੇ ਯੋਜਨਾ ਦੇ ਕੁਝ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਮੱਧ ਪ੍ਰਦੇਸ਼ ਦੇ ਖੇਤੀ ਮੰਤਰੀ ਕਮਲ ਪਟੇਲ ਨੂੰ ਜਨਮਦਿਨ ਦੀਆਂ ਵਧਾਈਆਂ ਵੀ ਦਿੱਤੀਆਂ। ਸਵਾਮਿਤਵ ਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ ਅਪਰੈਲ 2020 ’ਚ ਕੀਤੀ ਸੀ ਤਾਂ ਜੋ ਪਿੰਡਾਂ ਨੂੰ ਆਰਥਿਕ ਤੌਰ ’ਤੇ ਤਾਕਤਵਾਰ ਅਤੇ ਆਤਮ-ਨਿਰਭਰ ਬਣਾਇਆ ਜਾ ਸਕੇ। ਯੋਜਨਾ ਤਹਿਤ ਪਿੰਡਾਂ ’ਚ ਡਰੋਨਾਂ ਦੀ ਵਰਤੋਂ ਕਰਕੇ ਸੰਪਤੀਆਂ ਦੀ ਮੈਪਿੰਗ ਕਰਵਾ ਕੇ ਯੋਗ ਰਿਕਾਰਡ ਮਾਲਕਾਂ ਨੂੰ ਸੌਂਪਿਆ ਜਾਵੇਗਾ। ਸ੍ਰੀ ਮੋਦੀ ਨੇ ਕਿਹਾ,‘‘ਅਸੀਂ ਅਕਸਰ ਸੁਣਿਆ ਸੀ ਕਿ ਪਿੰਡਾਂ ’ਚ ਭਾਰਤ ਦੀ ਆਤਮਾ ਵਸਦੀ ਹੈ ਪਰ ਆਜ਼ਾਦੀ ਦੇ ਕਈ ਦਹਾਕਿਆਂ ਮਗਰੋਂ ਵੀ ਪਿੰਡਾਂ ਦੀ ਸਮਰੱਥਾ ਨੂੰ ਵਰਤਿਆ ਨਹੀਂ ਗਿਆ ਹੈ।’’ ਇਹ ਯੋਜਨਾ ਪਹਿਲਾਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਉੱਤਰਾਖੰਡ, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਕਰਨਾਟਕ ਦੇ ਪਿੰਡਾਂ ’ਚ ਲਾਗੂ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ 22 ਲੱਖ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਪੂਰੇ ਦੇਸ਼ ’ਚ ਲੋਕਾਂ ਨੂੰ ਪ੍ਰਾਪਰਟੀ ਕਾਰਡ ਮੁਹੱਈਆ ਕਰਵਾਏ ਜਾ ਰਹੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਪਿੰਡਾਂ ’ਚ ਜ਼ਮੀਨ ਸਬੰਧੀ ਝਗੜਿਆਂ ਅਤੇ ਕੇਸਾਂ ਕਾਰਨ ਊਰਜਾ, ਸਮਾਂ ਅਤੇ ਪੈਸਾ ਬਰਬਾਦ ਹੋ ਜਾਂਦਾ ਹੈ ਅਤੇ ਪ੍ਰਾਪਰਟੀ ਦੇ ਦਸਤਾਵੇਜ਼ਾਂ ਦੀ ਸੰਭਾਲ ਦੀ ਸਮੱਸਿਆ ਕਈ ਮੁਲਕਾਂ ’ਚ ਹੈ। ਉਨ੍ਹਾਂ ਕਿਹਾ ਕਿ ਸਵਾਮਿਤਵ ਯੋਜਨਾ ਨਾਲ ਕਈ ਪਿੰਡ ਵਾਸੀ ਤੀਜੀ ਧਿਰ ਤੋਂ ਪੈਸੇ ਉਧਾਰ ਲੈਣ ਤੋਂ ਬਚਣਗੇ ਅਤੇ ਉਨ੍ਹਾਂ ਨੂੰ ਪ੍ਰਾਪਰਟੀ ਦੇ ਕਾਗਜ਼ਾਂ ਕਾਰਨ ਬੈਂਕਾਂ ਤੋਂ ਆਸਾਨੀ ਨਾਲ ਕਰਜ਼ਾ ਮਿਲੇਗਾ। ਇਸ ਮੌਕੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ, ਜਯੋਤਿਰਦਿੱਤਿਆ ਸਿੰਧੀਆ, ਪ੍ਰਹਿਲਾਦ ਸਿੰਘ ਪਟੇਲ, ਧਰਮੇਂਦਰ ਪ੍ਰਧਾਨ, ਫੱਗਣ ਸਿੰਘ ਕੁਲਸਤੇ, ਐੱਲ ਮੁਰੂਗਨ ਅਤੇ ਹੋਰ ਆਗੂ ਹਾਜ਼ਰ ਸਨ। -ਪੀਟੀਆਈ