ਚੰਡੀਗੜ੍ਹ/ਦੇਹਰਾਦੂਨ, 20 ਜੂਨ
ਕਰੋਨਾਵਾਇਰਸ ਦੇ ਮੱਦੇਨਜ਼ਰ ਉਤਰਾਖੰਡ ਅਤੇ ਹਰਿਆਣਾ ਵਿੱਚ ਇੱਕ ਹਫ਼ਤੇ ਦੀ ਤਾਲਾਬੰਦੀ ਹੋਰ ਵਧਾ ਦਿੱਤੀ ਹੈ। ਹਰਿਆਣਾ ਸਰਕਾਰ ਨੇ ਕਿਹਾ ਕਿ ਕੋਵਿਡ-19 ਤਾਲਾਬੰਦੀ ਸੂਬੇ ਵਿੱਚ 28 ਜੂਨ ਤੱਕ ਲਾਗੂ ਰਹੇਗੀ। ਹਾਲਾਂਕਿ, ਵਿਆਹ ਪ੍ਰੋਗਰਾਮ ਅਤੇ ਅੰਤਿਮ ਸਸਕਾਰ ਮੌਕੇ ਲਾਗੂ ਪਾਬੰਦੀਆਂ ਨਰਮ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਦਫ਼ਤਰ ਵੀ ਹੁਣ ਪੂਰੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਮੁੱਖ ਸਕੱਤਰ ਵਿਜੈ ਵਰਧਨ ਵੱਲੋਂ ਜਾਰੀ ਆਦੇਸ਼ ਮੁਤਾਬਕ, ਕੋਵਿਡ ਬਚਾਅ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਵਿਆਹ ਪ੍ਰੋਗਰਾਮ ਅਤੇ ਅੰਤਿਮ ਸਸਕਾਰ ਵਿੱਚ ਹੁਣ 50 ਤੱਕ ਲੋਕ ਸ਼ਾਮਲ ਹੋ ਸਕਦੇ ਹਨ। ਪਹਿਲਾਂ ਇਹ ਗਿਣਤੀ 21 ਸੀ। ਉਧਰ, ਉਤਰਾਖੰਡ ਸਰਕਾਰ ਨੇ ਕਿਹਾ ਕਿ ਸੂਬੇ ਵਿੱਚ 22 ਜੂਨ ਤੋਂ ਇੱਕ ਹਫ਼ਤੇ ਲਈ ਤਾਲਾਬੰਦੀ ਜਾਰੀ ਰਹੇਗੀ, ਹਾਲਾਂਕਿ ਹੋਟਲ, ਰੈਸਤਰਾਂ ਅਤੇ ਬਾਰ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹੇ ਰਹਿਣਗੇ। ਸੂਬਾ ਸਰਕਾਰ ਦੇ ਬੁਲਾਰੇ ਸੁਬੋਧ ਉਨੀਯਾਲ ਨੇ ਕਿਹਾ ਕਿ ਚਾਰਧਾਮ ਯਾਤਰਾ ਸਥਾਨਕ ਲੋਕਾਂ ਲਈ ਪਹਿਲੀ ਜੁਲਾਈ ਅਤੇ ਸੂਬੇ ਦੇ ਬਾਕੀ ਹਿੱਸੇ ਤੋਂ ਆਉਣ ਵਾਲੇ ਲੋਕਾਂ ਲਈ 11 ਜੁਲਾਈ ਤੋਂ ਖੋਲ੍ਹਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਹਾਲਾਂਕਿ, ਸ਼ਰਧਾਲੂਆਂ ਕੋਲ ਕਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੈ।