ਨਵੀਂ ਦਿੱਲੀ, 30 ਅਗਸਤ
ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨਪੀਆਰ) ਨੂੰ ਅੱਪਡੇਟ ਕਰਨ ਦੀ ਕਵਾਇਦ, ਜੋ ਇਸ ਸਾਲ ਹੋਣੀ ਸੀ ਕਰੋਨਾਵਾਇਰਸ ਕਾਰਨ ਸਾਲ ਲਈ ਅੱਗੇ ਪੈ ਸਕਦੀ ਹੈ। ਭਾਰਤੀ ਜਨਗਣਨਾ ਵਿਸ਼ਵ ਵਿਚ ਸਭ ਤੋਂ ਵੱਡੀ ਪ੍ਰਸ਼ਾਸਕੀ ਅਤੇ ਅੰਕੜਾ ਅਭਿਆਸ ਹੈ, ਜਿਸ ਵਿਚ 30 ਲੱਖ ਤੋਂ ਵੱਧ ਅਧਿਕਾਰੀ ਸ਼ਾਮਲ ਹੋਣਗੇ ਤੇ ਦੇਸ਼ ਦੇ ਹਰ ਘਰ ਦਾ ਦੌਰਾ ਕਰਨਗੇ। ਸੀਨੀਅਰ ਅਧਿਕਾਰੀ ਨੇ ਦੱਸਿਆ, “ਮਰਦਮਸ਼ੁਮਾਰੀ ਫਿਲਹਾਲ ਜ਼ਰੂਰੀ ਨਹੀਂ ਹੈ। ਇਥੋਂ ਤੱਕ ਕਿ ਜੇ ਇਸ ਨੂੰ ਸਾਲ ਅੱਗੇ ਪਾ ਦਿੱਤਾ ਜਾਵੇ ਤਾਂ ਕੋਈ ਨੁਕਸਾਨ ਨਹੀਂ ਹੋਏਗਾ।” ਅਧਿਕਾਰੀ ਨੇ ਕਿਹਾ ਕਿ ਮਰਦਮਸ਼ੁਮਾਰੀ 2021 ਅਤੇ ਐੱਨਪੀਆਰ ਅੱਪਡੇਟ ਦਾ ਪਹਿਲਾ ਪੜਾਅ ਕਦੋਂ ਹੋਵੇਗਾ ਇਸ ਬਾਰੇ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ ਹੈ ਪਰ ਇਹ ਲਗਪਗ ਤੈਅ ਹੈ ਕਿ ਕਰੋਨਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਇਹ 2020 ਵਿੱਚ ਨਹੀਂ ਹੋਏਗੀ। ਮਰਦਮਸ਼ੁਮਾਰੀ ਅਤੇ ਐੱਨਪੀਆਰ ਨੂੰ ਅੱਪਡੇਟ ਕਰਨ ਦੀ ਕਵਾਇਦ 1 ਅਪਰੈਲ ਤੋਂ 30 ਸਤੰਬਰ 2020 ਤੱਕ ਦੇਸ਼ ਭਰ ਵਿਚ ਕੀਤੀ ਜਾਣੀ ਸੀ ਪਰ ਕੋਵੀਡ-19 ਦੇ ਫੈਲਣ ਕਾਰਨ ਮੁਲਤਵੀ ਕਰ ਦਿੱਤੀ ਗਈ।