ਮੁੰਬਈ, 28 ਸਤੰਬਰ
ਖੇਤੀ ਬਿੱਲਾਂ ਦੇ ਵਿਰੋਧ ’ਚ ਐੱਨਡੀਏ ਗੱਠਜੋੜ ’ਚੋਂ ਸ਼੍ਰੋਮਣੀ ਅਕਾਲੀ ਦਲ ਦੇ ਨਿਕਲ ਜਾਣ ਤੋਂ ਬਾਅਦ ਸ਼ਿਵ ਸੈਨਾ ਨੇ ਹੈਰਾਨੀ ਜ਼ਾਹਿਰ ਕੀਤੀ ਕਰਦਿਆਂ ਕਿਹਾ ਕਿ ਕੀ ਐੱਨਡੀਏ ਦਾ ਹੁਣ ਅਸਲ ’ਚ ਕੋਈ ਵਜੂਦ ਹੈ। ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ’ਚ ਕਿਹਾ ਗਿਆ ਹੈ ਕਿ ਇਹ ਅਜੀਬ ਹੈ ਕਿ ਐੱਨਡੀਏ ਆਪਣੇ ਆਖਰੀ ਥੰਮ ਅਕਾਲੀ ਦਲ ਨੂੰ ਗੱਠਜੋੜ ਤੋਂ ਵੱਖ ਹੋਣ ਤੋਂ ਨਾ ਰੋਕ ਸਕਿਆ। ਸੰਪਾਦਕੀ ’ਚ ਕਿਹਾ ਗਿਆ ਹੈ, ‘ਜਦੋਂ ਬਾਦਲ (ਐੱਨਡੀਏ ਤੋਂ) ਹਟੇ ਤਾਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਵੀ ਐੱਨਡੀਏ ਤੋਂ ਵੱਖ ਹੋਈ। ਇਨ੍ਹਾਂ ਦੋਵਾਂ ਦੇ ਐੱਨਡੀਏ ਤੋਂ ਵੱਖ ਹੋਣ ਮਗਰੋਂ ਐੱਨਡੀਏ ’ਚ ਹੁਣ ਬਚਿਆ ਕੀ ਹੈ? ਜੋ ਹੁਣ ਵੀ ਗੱਠਜੋੜ ’ਚ ਹਨ ਕੀ ਉਨ੍ਹਾਂ ਦਾ ਹਿੰਦੂਤਵ ਨਾਲ ਕੋਈ ਲੈਣਾ-ਦੇਣਾ ਹੈ?’ ਉਨ੍ਹਾਂ ਕਿਹਾ, ‘ਪੰਜਾਬ ਤੇ ਮਹਾਰਾਸ਼ਟਰ ਬਹਾਦਰੀ ਦੀ ਅਗਵਾਈ ਕਰਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼ਿਵ ਸੈਨਾ ਇਸ ਬਹਾਦਰੀ ਦਾ ਚਿਹਰਾ ਹਨ।’ -ਪੀਟੀਆਈ