ਨਵੀਂ ਦਿੱਲੀ, 2 ਜੁਲਾਈ
ਸੁਪਰੀਮ ਕੋਰਟ ਨੇ ਬੀਡੀਐੱਸ ਦੇ 9 ਡਾਕਟਰਾਂ ਦੀ ਪਟੀਸ਼ਨ ’ਤੇ ਕੇਂਦਰ ਅਤੇ ਹੋਰਾਂ ਤੋਂ ਜਵਾਬ ਮੰਗਿਆ ਹੈ। ਪਟੀਸ਼ਨ ’ਚ ਮੈਡੀਕਲ ਕਾਊਂਸਲਿੰਗ ਕਮੇਟੀ ਨੂੰ ਪਿਛਲੇ ਸਾਲ 16 ਦਸੰਬਰ ਨੂੰ ਨੀਟ-ਐੱਮਡੀਐੱਸ ’ਚ ਦਾਖ਼ਲੇ ਲਈ ਹੋਈ ਪ੍ਰੀਖਿਆ ਦੇ ਸਬੰਧ ’ਚ ਛੇਤੀ ਕਾਊਂਸਲਿੰਗ ਦੀਆਂ ਤਰੀਕਾਂ ਜਾਰੀ ਕਰਨ ਦੇ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ।
ਬੈਚਲਰ ਇਨ ਡੈਂਟਲ ਸਰਜਰੀ (ਬੀਡੀਐੱਸ) ਦੀ ਡਿਗਰੀ ਲੈ ਚੁੱਕੇ ਡਾਕਟਰਾਂ ਨੇ ਪਿਛਲੇ ਸਾਲ 16 ਦਸੰਬਰ ਨੂੰ ਕੌਮੀ ਪ੍ਰੀਖਿਆ ਬੋਰਡ ਵੱਲੋਂ ਮਾਸਟਰ ਇਨ ਡੈਂਟਲ ਸਰਜਰੀ ਕੋਰਸ ਲਈ ਨੀਟ-ਐੱਮਡੀਐੱਸ ਦੀ ਪ੍ਰੀਖਿਆ ਦਿੱਤੀ ਸੀ। ਜਸਟਿਸ ਡੀ ਵਾਈ ਚੰਦਰਚੂੜ ਅਤੇ ਐੱਮ ਆਰ ਸ਼ਾਹ ਦੇ ਬੈਂਚ ਨੇ ਸੁਣਵਾਈ ’ਤੇ ਸਹਿਮਤੀ ਦਿੰਦਿਆਂ ਕੇਂਦਰ, ਡੈਂਟਲ ਕਾਊਂਸਿਲ ਆਫ਼ ਇੰਡੀਆ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤੇ। ਸਿਖਰਲੀ ਅਦਾਲਤ ਇਸ ਅਰਜ਼ੀ ’ਤੇ ਸੁਣਵਾਈ ਹੁਣ 12 ਜੁਲਾਈ ਨੂੰ ਕਰੇਗੀ। ਅਰਜ਼ੀਕਾਰਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਕਾਊਂਸਲਿੰਗ ਬਾਰੇ ਕੋਈ ਅਪਡੇਟ ਨਹੀਂ ਹੈ। ਵਕੀਲ ਤਨਵੀ ਦੂਬੇ ਰਾਹੀਂ ਦਾਖ਼ਲ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਕਾਊਂਸਲਿੰਗ ਪ੍ਰੋਗਰਾਮ ਦਾ ਐਲਾਨ ਨਾ ਕੀਤੇ ਜਾਣ ਕਰਕੇ ਪ੍ਰੀਖਿਆਰਥੀ ‘ਅਨਿਆਂ ਅਤੇ ਅਣਮਿੱਥੇ ਸਮੇਂ ਲਈ ਦੇਰੀ’ ਨੂੰ ਚੁਣੌਤੀ ਦੇ ਰਹੇ ਹਨ। ਅਰਜ਼ੀ ’ਚ ਕਿਹਾ ਗਿਆ ਹੈ ਕਿ 31 ਦਸੰਬਰ, 2020 ਨੂੰ ਨਤੀਜੇ ਐਲਾਨੇ ਜਾਣ ਦੇ ਬਾਵਜੂਦ 23 ਜੂਨ, 2021 ਤੱਕ ਕਾਊਂਸਲਿੰਗ ਬਾਰੇ ਕੋਈ ਜਾਣਕਾਰੀ ਨਹੀਂ ਹੈ। -ਪੀਟੀਆਈ