ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੁਲਾਈ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੀਆਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਬੀਤੇ ਦੋ ਹਫ਼ਤਿਆਂ ਤੋਂ ਕਈ ਨੋਟਿਸ ਜੇਐੱਨਯੂ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਜਾ ਚੁੱਕੇ ਹਨ। ਉੱਧਰ, ਵਿਦਿਆਰਥੀ ਆਗੂਆਂ ਨੇ ਆਈਆਈਐੱਸਏ ਸਮੇਤ ਹੋਰ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਜਾਰੀ ਨੋਟਿਸਾਂ ਨੂੰ ਮੁੱਢੋਂ ਰੱਦ ਕਰਦੇ ਹੋਏ ਇੱਕਪਾਸੜ ਤੇ ਗ਼ਲਤ ਕਰਾਰ ਦਿੱਤਾ ਹੈ।
ਆਈਆਈਐੱਸਏ ਦੀ ਜੇਐੱਨਯੂ ਦੀ ਸਕੱਤਰ ਮਧੁਰਿਮਾ ਕੁੰਡੂ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਨੇਮਾਂ ਦੀ ਪਾਲਣਾ ਕਰ ਕੇ ਪ੍ਰਦਰਸ਼ਨ ਕੀਤੇ ਸਨ। ਉਨ੍ਹਾਂ ਕਿਹਾ, ‘‘ਜੇਕਰ ਵਿਦਿਆਰਥੀ ’ਵਰਸਿਟੀ ਨਾਲ ਸਬੰਧਤ ਮੁੱਦਿਆਂ ਨੂੰ ਉਭਾਰਦੇ ਹਨ ਤਾਂ ਕੀ ਉਹ ਜੁਰਮ ਕਰ ਰਹੇ ਸਨ? ਉਹ ਫੈਲੋਸ਼ਿਪ, ਲਾਇਬ੍ਰੇਰੀ, ਪੀਣ ਵਾਲੇ ਪਾਣੀ ਦੀ ਸਮੱਸਿਆ ਤੇ ਹੋਰ ਵਿਦਿਆਰਥੀ ਵਿਰੋਧੀ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹਨ। ਇਹ ਨੋਟਿਸ ਸਿਰਫ਼ ਆਰਐੱਸਐੱਸ ਦੇ ਵਿਦਿਆਰਥੀ ਵਿੰਗ ਏਬੀਵੀਪੀ ਦੇ ਅਹੁਦੇਦਾਰਾਂ ਨੂੰ ਨਹੀਂ ਭੇਜੇ ਗਏ।’’
ਵਿਦਿਆਰਥੀਆਂ ਵੱਲੋਂ 6 ਦਸੰਬਰ 2020 ਨੂੰ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕਰਨ, 21 ਮਾਰਚ 2021 ਨੂੰ ਸਾਬਰਮਤੀ ਮੈਦਾਨ ਵਿੱਚ ਮੀਟਿੰਗ ਕਰਨ, ਲਾਇਬ੍ਰੇਰੀ ਮੁੜ ਖੋਲ੍ਹਣ ਅਤੇ ਏਬੀਵੀਪੀ ਦੇ ਲੋਕਾਂ ਵੱਲੋਂ ਵਿਦਿਆਰਥੀ ਆਗੂ ਨੂੰ ਕਥਿਤ ਤੌਰ ’ਤੇ ਕੁੱਟੇ ਜਾਣ ਸਮੇਤ ਕੁੱਲ 10 ਪ੍ਰਦਰਸ਼ਨਾਂ/ਵਿਰੋਧਾਂ ਨੂੰ ਲੈ ਕੇ ਇਹ ਨੋਟਿਸ ਭੇਜੇ ਗਏ ਹਨ। ਉੱਧਰ, ਵਿਦਿਆਰਥੀਆਂ ਵੱਲੋਂ ਮੌਜੂਦਾ ‘ਵੀਸੀ ਵਾਪਸ ਜਾਓ’ ਦਾ ਸੁਨੇਹਾ ਬੁਲੰਦ ਕੀਤਾ ਜਾ ਰਿਹਾ ਹੈ। ਏਆਈਐੱਸਏ ਦੀ ਜੇਐੱਨਯੂ ਦੀ ਸਕੱਤਰ ਮਧੁਰਿਮਾ ਕੁੰਡੂ, ਆਈਆਈਐੱਸਏ ਜੇਐੱਨਯੂ ਦੇ ਪ੍ਰਧਾਨ ਤੇ ਜੇਐੱਨਯੂਐੱਸਯੂ ਦੇ ਐੱਸਐੱਲਏ ਕਨਵੀਨਰ ਆਦਰਸ਼ ਕੁਮਾਰ, ਆਈਆਈਐੱਸਏ ਜੇਐੱਨਯੂ ਦੇ ਮੀਤ ਪ੍ਰਧਾਨ, ਡੋਲਨ ਸਮੰਤਾ ਤੇ ਕੌਸ਼ਿਕ ਰਾਜ, ਜੇਐੱਨਯੂਐੱਸਯੂ ਦੇ ਜਨਰਲ ਸਕੱਤਰ ਸਤੀਸ਼ ਚੰਦਰ ਯਾਦਵ ਤੇ ਹੋਰ ਅਹੁਦੇਦਾਰਾਂ ਅਤੇ ਕਾਰਕੁਨਾਂ ਦੇ ਨਾਲ ਸੰਗਠਨਾਂ ਨੂੰ ਚੀਫ਼ ਪ੍ਰੋਕਟਰ ਵੱਲੋਂ ਨੋਟਿਸ ਦਿੱਤੇ ਗਏ ਹਨ ਤੇ ਉਨ੍ਹਾਂ ਨੂੰ ਵਿਰੋਧ ਕਰਨ ਦਾ ਕਾਰਨ ਦੱਸਣ ਲਈ ਕਿਹਾ ਗਿਆ ਹੈ।